ਬੇਅਦਬੀ ਮਾਮਲਾ  :  ਕਲੋਜ਼ਰ ਰਿਪੋਰਟ ਸਬੰਧੀ ਸੁਣਵਾਈ 4 ਸਤੰਬਰ ਨੂੰ

08/31/2019 2:36:13 PM

ਫਰੀਦਕੋਟ (ਜ. ਬ.) : ਬੇਅਦਬੀ ਮਾਮਲੇ ਸਬੰਧੀ ਕਲੋਜ਼ਰ ਰਿਪੋਰਟ ਕੇਸ ਮੋਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ’ਚ ਸੁਣਵਾਈ ਹੋਈ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਪਿੰਡ ਬਰਗਾਡ਼ੀ ਸਥਿਤ ਇਤਿਹਾਸਕ ਗੁਰਦੁਆਰੇ ਦੇ ਮੈਨੇਜਰ ’ਤੇ ਸ਼ਿਕਾਇਤਕਰਤਾ ਗਿਆਨੀ ਕੁਲਵਿੰਦਰ ਸਿੰਘ ਨੇ ਹਾਈ ਕੋਰਟ ਦੇ ਸੀਨੀਅਰ ਵਕੀਲ ਬੀ. ਐੱਸ. ਸੋਬਤੀ ਅਤੇ ਐੱਚ. ਐੱਸ. ਧਨੋਆ ਰਾਹੀਂ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਡੇਰਾ ਪ੍ਰੇਮੀ ਮਰਹੂਮ ਮਹਿੰਦਰ ਪਾਲ ਬਿੱਟੂ ਦੇ ਧਾਰਾ 164 ਦੇ ਅਧੀਨ ਦਰਜ ਕਰਵਾਏ ਬਿਆਨਾਂ ਦੀ ਕਾਪੀ ਮੰਗੀ। ਉਨ੍ਹਾਂ ਕਿਹਾ ਕਿ ਬਿੱਟੂ ਨੇ ਆਪਣੇ ਬਿਆਨਾਂ ’ਚ ਜੁਰਮ ਕਬੂਲ ਕੀਤਾ ਸੀ।

ਉਧਰ ਇਸੇ ਦੌਰਾਨ ਸਾਬਕਾ ਵਿਧਾਇਕ ਹਰਬੰਸ ਲਾਲ ਜਲਾਲ ਨਿੱਜੀ ਤੌਰ ’ਤੇ ਸੀ. ਬੀ. ਆਈ. ਅਦਾਲਤ ’ਚ ਪੇਸ਼ ਹੋਏ ਅਤੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਨੂੰ ਚੁਨੌਤੀ ਦੇਣ ਲਈ ਪਰੋਟੈਸਟ ਪਟੀਸ਼ਨ ਦਾਇਰ ਕੀਤੀ। ਉਨ੍ਹਾਂ ਨੇ ਜੱਜ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਕਿ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਬਤੌਰ ਮੁਦੱਈ ਸੁਣਿਆ ਜਾਵੇ ਅਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾਣ। ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਕੇਸ ਦੀ ਪੈਰਵਾਈ ਲਈ ਕੋਈ ਵਕੀਲ ਖਡ਼੍ਹਾ ਨਹੀਂ ਕਰਨਾ ਚਾਹੁੰਦੇ, ਸਗੋਂ ਖੁਦ ਪੈਰਵਾਈ ਕਰਨਗੇ। ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਇਸ ਕੇਸ ਦੀ ਅਗਲੀ ਸੁਣਵਾਈ 4 ਸਤੰਬਰ ਨੂੰ ਰੱਖੀ ਹੈ। ਸੀ. ਬੀ. ਆਈ. ਦੀ ਜਾਂਚ ਟੀਮ ਨੇ ਕੁਝ ਦਿਨ ਪਹਿਲਾਂ ਮੋਹਾਲੀ ਦੀ ਸੀ. ਬੀ. ਆਈ. ਅਦਾਲਤ ’ਚ ਬੇਅਦਬੀ ਮਾਮਲੇ ਸਬੰਧੀ ਕਲੋਜ਼ਰ ਰਿਪੋਰਟ ਦਾਇਰ ਕਰ ਕੇ ਇਸ ਕੇਸ ਨੂੰ ਖਤਮ ਕਰਨ ਦੀ ਅਪੀਲ ਕੀਤੀ ਸੀ। ਇਸੇ ਰਿਪੋਰਟ ’ਚ ਸੀ. ਬੀ. ਆਈ. ਨੇ ਮਰਹੂਮ ਮਹਿੰਦਰ ਪਾਲ ਬਿੱਟੂ ਸਮੇਤ ਤਿੰਨ ਡੇਰਾ ਪ੍ਰ੍ਰੇਮੀਆਂ ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਉਰਫ ਸੰਨੀ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਕੋਈ ਪ੍ਰਤੱਖਦਰਸ਼ੀ ਹੈ। ਲਿਹਾਜ਼ਾ ਇਹ ਸੰਵੇਦਨਸ਼ੀਲ ਕੇਸ ਬੰਦ ਕੀਤਾ ਜਾਣਾ ਬਣਦਾ ਹੈ।
 


 


Anuradha

Content Editor

Related News