ਹੁਣ ਬਿਨਾਂ ਜਾਣਕਾਰੀ ਛੁੱਟੀ ਨਹੀਂ ਕਰ ਸਕਣਗੇ ਸਫਾਈ ਮੁਲਾਜ਼ਮ, ਨਾ ਹੀ ਹੋਣਗੇ ਲੇਟ

11/18/2017 12:19:32 PM

ਬਠਿੰਡਾ (ਪਰਮਿੰਦਰ)-ਨਗਰ ਨਿਗਮ ਦੇ 820 ਸਫਾਈ ਸੇਵਕ ਹੁਣ ਬਿਨਾਂ ਜਾਣਕਾਰੀ ਦੇ ਛੁੱਟੀ ਨਹੀਂ ਕਰ ਸਕਣਗੇ ਤੇ ਨਾ ਹੀ ਕੰਮ 'ਤੇ ਦੇਰੀ ਨਾਲ ਆ ਸਕਣਗੇ ਕਿਉਂਕਿ ਦਸੰਬਰ ਤੋਂ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਬਾਓਮੀਟ੍ਰਿਕ ਮਸ਼ੀਨਾਂ 'ਤੇ ਲੱਗੇਗੀ। ਜੇਕਰ ਮੁਲਾਜ਼ਮ ਲੇਟ ਹੋਣਗੇ ਜਾਂ ਬਿਨਾਂ ਦੱਸੇ ਛੁੱਟੀ ਲੈਣਗੇ ਤਾਂ ਅਟੈਂਡੈਂਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇਸ ਯੋਜਨਾ ਨੂੰ ਲਾਗੂ ਕਰਨ ਲਈ ਸ਼ੁੱਕਰਵਾਰ ਨੂੰ ਮੇਅਰ ਬਲਵੰਤ ਰਾਏ ਨਾਥ ਦੀ ਪ੍ਰਧਾਨਗੀ ਵਿਚ ਹੋਈ ਫਾਈਨਾਂਸ ਐਂਡ ਕਾਂਟਰੈਕਟ ਕਮੇਟੀ ਦੀ ਮੀਟਿੰਗ ਦੌਰਾਨ 30 ਬਾਓਮੀਟ੍ਰਿਕ ਮਸ਼ੀਨਾਂ ਖਰੀਦਣ ਲਈ ਕਰੀਬ 12 ਲੱਖ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ। ਉਕਤ ਮੀਟਿੰਗ ਵਿਚ ਮੇਅਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਵਿੰਦਰਪਾਲ ਕੌਰ ਮਾਂਗਟ, ਨਗਰ ਨਿਗਮ ਕਮਿਸ਼ਨਰ ਸੰਜੇ ਅਗਰਵਾਲ ਤੇ ਹੋਰ ਮੈਂਬਰ ਹਾਜ਼ਰ ਸਨ।
 

ਕੰਪਨੀ ਨਹੀਂ ਕਰੇਗੀ ਮਸ਼ੀਨਾਂ ਦੀ ਦੇਖ-ਰੇਖ
ਬਾਓਮੀਟ੍ਰਿਕ ਮਸ਼ੀਨਾਂ ਲਾਉਣ ਦਾ ਕੰਮ ਸਾਫਟੈਲ ਸਲਿਊਸ਼ਨਜ਼ ਨੂੰ ਸੌਂਪਿਆ ਗਿਆ ਹੈ। ਉਕਤ ਕੰਪਨੀ ਦਾ 30850 ਰੁਪਏ ਪ੍ਰਤੀ ਮਸ਼ੀਨ ਦੀ ਕੀਮਤ ਨਾਲ ਮਸ਼ੀਨ ਸਪਲਾਈ ਕਰਨ ਤੇ ਇਕ ਸਾਲ ਤਕ ਉਨ੍ਹਾਂ ਦੀ ਮੇਨਟੀਨੈਂਸ ਕਰਨ ਸਬੰਧੀ ਟੈਂਡਰ ਵੀ ਸੀ। 
ਇਕ ਹੋਰ ਕੰਪਨੀ ਨੇ 36 ਹਜ਼ਾਰ ਰੁਪਏ ਵਿਚ ਮਸ਼ੀਨ ਮੁਹੱਈਆ ਕਰਵਾਉਣ ਦਾ ਟੈਂਡਰ ਭਰਿਆ ਸੀ ਪਰ ਘੱਟ ਕੀਮਤ ਕਾਰਨ ਸਾਫਟੈਲ ਨੂੰ ਇਹ ਕੰਮ ਸੌਂਪਿਆ ਗਿਆ। ਉਕਤ ਕੰਪਨੀ 30 ਮਸ਼ੀਨਾਂ ਮੁਹੱਈਆ ਕਰਵਾਏਗੀ, ਜਿਸ 'ਤੇ ਕੁਲ 9 ਲੱਖ 25 ਹਜ਼ਾਰ 500 ਰੁਪਏ ਖਰਚ ਹੋਵੇਗਾ, ਜਦਕਿ 27 ਹਜ਼ਾਰ ਰੁਪਏ ਪ੍ਰਤੀ ਸਾਲ ਮੇਨਟੀਨੈਂਸ ਫੀਸ ਵੱਖਰੀ ਹੋਵੇਗੀ, ਜੋ ਨਗਰ ਨਿਗਮ ਉਕਤ ਕੰਪਨੀ ਨੂੰ ਦੇਵੇਗਾ। ਕੰਪਨੀ ਇਕ ਸਾਲ ਤਕ ਮਸ਼ੀਨਾਂ ਦੀ ਦੇਖ-ਰੇਖ ਕਰੇਗੀ।

ਹਰੇ ਕਚਰੇ ਤੋਂ ਖਾਦ ਬਣਾਵੇਗਾ ਨਿਗਮ
ਮਹਾਨਗਰ ਤੋਂ ਨਿਕਲਣ ਵਾਲੇ ਗ੍ਰੀਨ ਗਾਰਬੇਜ ਦਾ ਨਿਪਟਾਰਾ ਕਰ ਕੇ ਜੈਵਿਕ ਖਾਦ ਬਣਾਉਣ ਦੇ ਪ੍ਰੋਜੈਕਟ ਨੂੰ ਵੀ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰ ਤੋਂ ਹਰ ਰੋਜ਼ 10 ਟਨ ਗ੍ਰੀਨ ਗਾਰਬੇਜ ਨਿਕਲਦਾ ਹੈ। ਨਗਰ ਨਿਗਮ ਇਸਦੇ ਨਿਪਟਾਰੇ ਲਈ 27 ਲੱਖ ਰੁਪਏ ਦੀ ਲਾਗਤ ਨਾਲ ਜੋਗਰ ਪਾਰਕ ਤੇ ਮਾਡਲ ਟਾਊਨ ਵਿਚ ਗ੍ਰੀਨ ਗਾਰਬੇਜ ਪਲਾਂਟ ਸਥਾਪਿਤ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਪਹਿਲੀ ਵਾਰ ਬਠਿੰਡਾ ਵਿਚ ਇਸ ਤਰ੍ਹਾਂ ਦੇ ਪਲਾਂਟ ਲਾਏ ਜਾ ਰਹੇ ਹਨ, ਜਿਥੇ 140 ਦੇ ਕਰੀਬ ਪਾਰਕਾਂ ਤੇ ਹੋਰ ਕਾਲੋਨੀਆਂ ਦੇ ਕਚਰੇ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਨਾਲ ਨਿਗਮ ਨੂੰ ਵੱਡੀ ਮਾਤਰਾ ਵਿਚ ਜੈਵਿਕ ਖਾਦ ਪ੍ਰਾਪਤ ਹੋਵੇਗੀ। ਜ਼ਿਕਰਯੋਗ ਹੈ ਕਿ ਨਿਗਮ ਹਰ ਸਾਲ ਲੱਖਾਂ ਰੁਪਏ ਦੀ ਖਾਦ ਦੀ ਖਰੀਦ ਕਰਦਾ ਹੈ ਪਰ ਉਕਤ ਪਲਾਂਟ ਲੱਗਣ ਨਾਲ ਨਿਗਮ ਨੂੰ ਖਾਦ ਖਰੀਦਣ ਦੀ ਲੋੜ ਨਹੀਂ ਪਵੇਗੀ। ਇਸ ਤੋਂ ਇਲਾਵਾ ਕਮੇਟੀ ਨੇ ਜਾਗਰ ਪਾਰਕ ਵਿਚ ਸਥਾਪਿਤ ਕੀਤੇ ਜਾਣ ਵਾਲੇ ਜਿਮ ਦੇ ਟੈਂਡਰ ਦੁਬਾਰਾ ਲਾਉਣ ਦਾ ਫੈਸਲਾ ਕੀਤਾ।


Related News