ਸਰਹਿੰਦ ਫੀਡਰ ਨਹਿਰ ’ਚ ਲਗਾਤਾਰ ਆ ਰਹੀ ਹੈ ਦਰਿਆਈ ਬੂਟੀ
Friday, Aug 03, 2018 - 01:08 AM (IST)

ਸ੍ਰੀ ਮੁਕਤਸਰ ਸਾਹਿਬ(ਦਰਦੀ, ਪਵਨ)- 3 ਦਿਨ ਬਾਅਦ ਵੀ ਹਰੀਕੇ ਦਰਿਆ ਤੋਂ ਸਰਹਿੰਦ ਫੀਡਰ ਨਹਿਰ ਵਿਚ ਦਰਿਆਈ ਬੂਟੀ ਆਉਣੀ ਘੱਟ ਨਹੀਂ ਹੋ ਰਹੀ, ਜਦਕਿ ਲਗਾਤਾਰ ਇਸ ਵਿਚ ਵਾਧਾ ਹੋ ਰਿਹਾ ਹੈ। ਮਜ਼ਦੂਰ ਅਤੇ ਲੇਬਰ ਇਸ ਨੂੰ ਸਾਫ ਕਰਨ ਅਤੇ ਬੰਦ ਪਏ ਪੁਲ (ਸ੍ਰੀ ਮੁਕਤਸਰ ਸਾਹਿਬ-ਬਠਿੰਡਾ) ਨੂੰ ਚਾਲੂ ਕਰਨ ਲਈ ਸਿਰਤੋਡ਼ ਯਤਨ ਕਰ ਰਹੇ ਹਨ ਪਰ ਉਕਤ ਬੂਟੀ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਮੇਂ ਗੁਰਮੀਤ ਸਿੰਘ ਜੇ. ਈ. ਅਨੁਸਾਰ ਦਰਿਆਈ ਬੂਟੀ ਦੀ ਲੰਬਾਈ 2000 ਫੁੱਟ ਦੇ ਕਰੀਬ ਪੁੱਜ ਗਈ ਹੈ, ਜੇਕਰ ਇਹ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਨਹਿਰ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਬੂਟੀ ਦਾ ਭਾਰ ਨਹਿਰ ਦੀ ਲਾਈਨਿੰਗ ਤੋਡ਼ਨ ਦੀ ਸਮਰੱਥਾ ਰੱਖਦਾ ਹੈ, ਜਿਸ ਕਾਰਨ ਨਹਿਰ ’ਚ ਪਾਣੀ ਦੀ ਮਾਤਰਾ ਘੱਟ ਕੀਤੀ ਗਈ ਹੈ। ਕਾਰਜਕਾਰੀ ਇੰਜੀਨੀਅਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਮਸ਼ੀਨਰੀ ਦਾ ਪ੍ਰਬੰਧ ਜਲਦੀ ਕੀਤਾ ਜਾ ਰਿਹਾ, ਜਿਸ ਦੀ ਮਦਦ ਨਾਲ ਇਸ ਦਰਿਆਈ ਬੂਟੀ ਨੂੰ ਨਹਿਰ ’ਚੋਂ ਸਾਫ ਕਰ ਕੇ ਪਾਣੀ ਪੂਰੀ ਸਪਲਾਈ ਬਹਾਲ ਕੀਤੀ ਜਾਵੇਗੀ ਕਿਉਂਕਿ ਝੋਨੇ ਦੀ ਸੀਜ਼ਨ ਕਰ ਕੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਲੋਡ਼ ਹੈ।