ਮਾਮਲਾ ਚਾਈਲਡ ਸੈਂਟਰ ''ਚ ਪ੍ਰੀ-ਮਚਿਓਰ ਬੱਚੇ ਦੀ ਮੌਤ ਦਾ, ਸਿਵਲ ਸਰਜਨ ਨੇ ਮੰਗੀ ਰਿਪੋਰਟ
Wednesday, Jan 29, 2020 - 04:22 PM (IST)

ਲੁਧਿਆਣਾ (ਰਾਜ) - ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ’ਚ ਚੈੱਕਅਪ ਲਈ ਆਈ ਗਰਭਵਤੀ ਔਰਤ ਨੂੰ ਡਾਂਟ ਫਿਟਕਾਰ ਕੇ ਬਾਹਰ ਕੱਢਣ ਅਤੇ ਗੰਦਗੀ ’ਚ ਹੋਏ ਜਣੇਪੇ ਦੌਰਾਨ ਪ੍ਰੀ-ਮੇਚਿਓਰ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਹੋਣ ਦੇ ਮਾਮਲੇ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਖਤ ਨੋਟਿਸ ਲਿਆ। ਸਿਵਲ ਸਰਜਨ ਨੇ ਇਸ ਕੇਸ ’ਚ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਤੋਂ 2 ਦਿਨਾਂ ਦੇ ਅੰਦਰ-ਅੰਦਰ ਕੇਸ ਦੀ ਜਾਂਚ ਕਰ ਰਿਪੋਰਟ ਮੰਗੀ ਹੈ। ਮੁੱਢਲੀ ਜਾਂਚ ’ਚ ਔਰਤ ਸਫਾਈ ਮੁਲਾਜ਼ਮ ਦੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਨੂੰ ਹਾਲ ਦੀ ਘੜੀ ’ਚ ਕੰਮ ਤੋਂ ਕੱਢ ਦਿੱਤਾ ਗਿਆ ਅਤੇ ਨਾਲ ਹੀ ਸਿਵਲ ਹਸਪਤਾਲ ਦੀ ਇਕ ਟੀਮ ਪੀੜਤ ਪਰਿਵਾਰ ਨੂੰ ਮਿਲ ਕੇ ਸਾਰੇ ਕੇਸ ਦੀ ਜਾਂਚ ਕਰੇਗੀ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਨੇ ਥਾਣਾ ਡਵੀਜ਼ਨ ਨੰ-2 ’ਚ ਆਪਣੇ ਬਿਆਨ ਦਰਜ ਕਰਵਾਏ ਹਨ।
ਧਿਆਨਦੇਣਯੋਗ ਹੈ ਕਿ ਐਤਵਾਰ ਨੂੰ ਢੰਡਾਰੀ ਕਲਾਂ ਦੀ ਰਹਿਣ ਵਾਲੀ ਲਲਿਤਾ ਨੂੰ ਅਚਾਨਕ ਪੇਟ ’ਚ ਦਰਦ ਹੋਣ ਲਗੀ, ਜੋ 5 ਮਹੀਨੇ ਦੀ ਗਰਭਵਤੀ ਸੀ। ਐਂਬੂਲੈਂਸ ਦੀ ਮਦਦ ਨਾਲ ਉਹ ਆਪਣੇ ਪਤੀ ਫੂਲਚੰਦ ਅਤੇ ਰਿਸ਼ਤੇਦਾਰ ਨਾਲ ਸਿਵਲ ਹਸਪਤਾਲ ਪੁੱਜੀ। ਉਸ ਦਾ ਪਤੀ ਅਤੇ ਰਿਸ਼ਤੇਦਾਰ ਜਦੋਂ ਲਲਿਤਾ ਨੂੰ ਲੇਬਰ ਰੂਮ ਵੱਲ ਲਿਜਾਣ ਲੱਗੇ ਤਾਂ ਇਕ ਔਰਤ ਸਫਾਈ ਮੁਲਾਜ਼ਮ ਨੇ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਨਿਕਲ ਜਾਣ ਲਈ ਕਿਹਾ, ਜਿਸ ਤੋਂ ਬਾਅਦ ਉਹ ਦਰਦ ਦੀ ਹਾਲਤ ’ਚ ਬਾਹਰ ਨਿਕਲ ਗਈ। ਇਸ ਦੌਰਾਨ ਬਾਹਰ ਪਾਰਕ ਕੋਲ ਹੀ ਲਲਿਤਾ ਦਾ ਜਣੇਪਾ ਹੋ ਗਿਆ। ਪ੍ਰੀ-ਮੇਚਿਓਰ ਹੋਣ ਕਾਰਨ ਉਸ ਦੇ ਬੱਚੇ ਦੀ ਮੌਤ ਹੋ ਗਈ ਸੀ, ਜਿਸ ਮਗਰੋਂ ਫੂਲਚੰਦ ਅਤੇ ਉਸ ਦੇ ਰਿਸ਼ਤੇਦਾਰ ਨੇ ਪਹਿਲਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸ਼ਿਕਾਇਤ ਕੀਤੀ। ਫਿਰ ਸਿਵਲ ਹਸਪਤਾਲ ਦੀ ਪੁਲਸ ਚੌਕੀ ’ਚ।