ਨਾ ਕੋਈ ਡਾਕਟਰ, ਨਾ ਹੀ ਐਂਬੂਲੈਂਸ, ਮਹਿਲਾ ਨੇ ਆਟੋ ''ਚ ਦਿੱਤਾ ਬੱਚੀ ਨੂੰ ਜਨਮ
Saturday, Jun 27, 2026 - 01:47 PM (IST)
ਖੰਨਾ (ਬਿਪਨ): ਖੰਨਾ ਵਿਚ ਇਕ ਮਹਿਲਾ ਨੇ ਆਟੋ ਵਿਚ ਬੱਚੀ ਨੂੰ ਜਨਮ ਦੇ ਦਿੱਤਾ। ਉਸ ਨੂੰ ਨਾ ਤਾਂ ਸਮੇਂ ਸਿਰ ਐਂਬੂਲੈਂਸ ਮਿਲੀ ਅਤੇ ਨਾ ਹੀ ਕੋਈ ਆਸ਼ਾ ਵਰਕਰ ਜਾਂ ਸਿਹਤ ਵਿਭਾਗ ਦਾ ਕਰਮਚਾਰੀ ਉਸ ਦੇ ਨਾਲ ਮੌਜੂਦ ਸੀ। ਗਰੀਬ ਪਰਿਵਾਰ ਨੂੰ ਕਿਸੇ ਨੇ ਅੱਜ ਤੱਕ ਇਹ ਵੀ ਨਹੀਂ ਦੱਸਿਆ ਕਿ ਕਿਵੇਂ ਐਂਬੂਲੈਂਸ ਬੁਲਾਈ ਜਾਵੇ। 108 ਐਂਬੂਲੈਂਸ ਸੇਵਾ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਨਤੀਜੇ ਵਜੋਂ ਔਰਤ ਨੂੰ ਆਟੋ ਰਾਹੀਂ ਹਸਪਤਾਲ ਲਿਆਂਦਾ ਗਿਆ, ਜਿੱਥੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਹੀ ਆਟੋ ਵਿੱਚ ਬੱਚੀ ਦਾ ਜਨਮ ਹੋ ਗਿਆ।
ਜਾਣਕਾਰੀ ਅਨੁਸਾਰ ਅਵਤਾਰ ਨਗਰ, ਲਲਹੇੜੀ ਰੋਡ ਦੀ ਰਹਿਣ ਵਾਲੀ ਗਰਭਵਤੀ ਔਰਤ ਨੂੰ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਉਸ ਦਾ ਪਤੀ ਪਹਾੜੂ ਨੇੜਲੇ ਚੌਂਕ ਤੋਂ ਆਟੋ ਲੈ ਕੇ ਆਇਆ ਅਤੇ ਪਤਨੀ ਨੂੰ ਸਿਵਲ ਹਸਪਤਾਲ ਲਈ ਰਵਾਨਾ ਹੋ ਗਿਆ। ਜਿਵੇਂ ਹੀ ਆਟੋ ਹਸਪਤਾਲ ਦੇ ਮੁੱਖ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਐਮਰਜੈਂਸੀ ਦੇ ਬਾਹਰ ਪਹੁੰਚਿਆ, ਔਰਤ ਨੇ ਆਟੋ ਵਿਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਇਹ ਦੇਖ ਕੇ ਹਸਪਤਾਲ ਸਟਾਫ਼ ਵਿਚ ਹੜਕੰਪ ਮਚ ਗਿਆ ਅਤੇ ਤੁਰੰਤ ਜੱਚਾ-ਬੱਚਾ ਨੂੰ ਲੇਬਰ ਰੂਮ ਵਿੱਚ ਲਿਜਾ ਕੇ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰਾਂ ਮੁਤਾਬਕ ਮਾਂ ਅਤੇ ਨਵਜੰਮੀ ਬੱਚੀ ਦੋਵੇਂ ਸੁਰੱਖਿਅਤ ਹਨ।
ਔਰਤ ਦੇ ਪਤੀ ਪਹਾੜੂ ਨੇ ਦੱਸਿਆ ਕਿ ਉਨ੍ਹਾਂ ਨੂੰ 108 ਐਂਬੂਲੈਂਸ ਸੇਵਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਮਜ਼ਬੂਰੀ ਵਿੱਚ ਆਟੋ ਕਰਕੇ ਹਸਪਤਾਲ ਆਉਣਾ ਪਿਆ। ਉਸ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਆਸ਼ਾ ਵਰਕਰ ਜਾਂ ਸਿਹਤ ਵਿਭਾਗ ਦਾ ਕਰਮਚਾਰੀ ਮੌਜੂਦ ਨਹੀਂ ਸੀ। ਆਟੋ ਚਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਕਰੀਬ ਡੇਢ ਕਿਲੋਮੀਟਰ ਦਾ ਸਫ਼ਰ ਕਰਕੇ ਹਸਪਤਾਲ ਪਹੁੰਚੇ ਸਨ। ਜਿਵੇਂ ਹੀ ਹਸਪਤਾਲ ਦੇ ਗੇਟ ਅੰਦਰ ਦਾਖਲ ਹੋਏ, ਔਰਤ ਨੇ ਆਟੋ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਬਾਅਦ ਵਿਚ ਹਸਪਤਾਲ ਸਟਾਫ਼ ਵ੍ਹੀਲਚੇਅਰ ਰਾਹੀਂ ਜੱਚਾ-ਬੱਚਾ ਨੂੰ ਅੰਦਰ ਲੈ ਗਿਆ।
ਇਹ ਘਟਨਾ ਇਕ ਵਾਰ ਫਿਰ ਸਰਕਾਰੀ ਸਿਹਤ ਪ੍ਰਣਾਲੀ, 108 ਐਂਬੂਲੈਂਸ ਸੇਵਾ ਬਾਰੇ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਅਤੇ ਆਸ਼ਾ ਵਰਕਰਾਂ ਦੀ ਉਪਲਬਧਤਾ 'ਤੇ ਸਵਾਲ ਖੜ੍ਹੇ ਕਰਦੀ ਹੈ। ਹਾਲਾਂਕਿ, ਇਸ ਘਟਨਾ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਐਂਬੂਲੈਂਸ ਸੇਵਾ ਉਪਲਬਧ ਨਹੀਂ ਸੀ; ਪਰਿਵਾਰ ਦੇ ਬਿਆਨ ਮੁਤਾਬਕ ਉਨ੍ਹਾਂ ਨੂੰ ਸੇਵਾ ਮੰਗਵਾਉਣ ਦੀ ਜਾਣਕਾਰੀ ਨਹੀਂ ਸੀ ਅਤੇ ਇਸ ਕਾਰਨ ਉਹ ਆਟੋ ਰਾਹੀਂ ਹਸਪਤਾਲ ਪਹੁੰਚੇ।
