ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਹੋਇਆ ਪਾਣੀ-ਪਾਣੀ

Sunday, Jun 10, 2018 - 06:02 AM (IST)

ਸੁਲਤਾਨਪੁਰ ਲੋਧੀ, (ਅਸ਼ਵਨੀ)- ਸ਼ਨੀਵਾਰ ਤੜਕਸਾਰ ਹੋਈ ਬਰਸਾਤ ਤੋਂ ਬਾਅਦ ਸ਼ਹਿਰ ਸੁਲਤਾਨਪੁਰ ਲੋਧੀ ਪਾਣੀ-ਪਾਣੀ ਹੋ ਗਿਆ। ਮੁਹੱਲਾ ਮੈਰੀ, ਬੀ. ਐੱਸ. ਐੱਨ. ਐੱਲ. ਦਫਤਰ ਦੇ ਬਾਹਰ, ਮਾਡਲ ਟਾਊਨ ਲਾਗੇ ਲਾਰਡ ਕ੍ਰਿਸ਼ਨਾ ਕਾਲਜ ਦੇ ਰਾਹ 'ਚ, ਗੁਰਦੁਆਰਾ ਸ੍ਰੀ ਬੇਰ ਸਾਹਿਬ ਤੇ ਜਵਾਲਾ ਸਿੰਘ ਨਗਰ ਨੂੰ ਜਾਂਦੇ ਰਾਹ ਤਲਵੰਡੀ ਰੋਡ 'ਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਇਲਾਕਾ ਵਾਸੀ ਕਿਸਾਨ ਆਗੂ ਜਥੇ. ਪਰਮਜੀਤ ਸਿੰੰਘ ਖਾਲਸਾ, ਟੋਨੀ ਤੇ ਇੰਦਰਜੀਤ ਸਿੰਘ ਬਾਊ ਆਦਿ ਨੇ ਕਿਹਾ ਕਿ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਢਿੱਲੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਦਿਹਾੜੇ ਤੋਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਨਿਕਾਸੀ ਦੇ ਕੰਮ ਠੱਪ ਹੋ ਜਾਣ ਕਰ ਕੇ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਪਾਣੀ ਵੀ ਅਕਸਰ ਸੜਕਾਂ ਨੂੰ ਖੋਰਾ ਲਾਉਂਦਾ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਜਨਤਾ ਦੇ ਪੈਸਿਆਂ ਨਾਲ ਬਣਾਈਆਂ ਸੜਕਾਂ ਥਾਂ-ਥਾਂ ਤੋਂ ਟੁੱਟ ਕੇ ਟੋਏ-ਟੋਭਿਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਦਿਨ ਪਹਿਲਾਂ ਆਈ. ਜੀ. ਡੀ. ਸੀ. ਕਪੂਰਥਲਾ ਤੇ ਹੋਰ ਉੱਚ ਅਧਿਕਾਰੀਆਂ ਦੀ ਟੀਮ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਾਲ ਸਬੰਧਤ ਇਲਾਕੇ ਦਾ ਦੌਰਾ ਕੀਤਾ। ਕੁਝ ਅਧਿਕਾਰੀ ਤਾਂ ਬਾਬਾ ਜਵਾਲਾ ਸਿੰਘ ਨਗਰ ਨੂੰ ਜਾਂਦੇ ਰਾਹ ਉਤੋਂ ਲੰਘਦੇ ਗੁਰਦੁਆਰਾ ਦੀ ਸਰਾਂ ਵਾਲੇ ਪਾਸੇ ਪੁੱਜੇ ਪਰ ਉਨ੍ਹਾਂ ਨੂੰ ਉਥੇ ਸੜਕ 'ਤੇ ਜਮ੍ਹਾ ਪਾਣੀ ਨਜ਼ਰ ਨਹੀਂ ਆਇਆ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਉਸੇ ਥਾਂ 'ਤੇ ਪਾਣੀ ਖੜ੍ਹਾ ਹੈ ਤੇ ਸੜਕ ਨੂੰ ਤੋੜਨ ਦਾ ਕਾਰਨ ਬਣਿਆ ਹੋਇਆ ਹੈ। 
ਇਥੇ ਦੱਸ ਦੇਣਾ ਜ਼ਰੂਰੀ ਹੈ ਕਿ ਅਧਿਕਾਰੀਆਂ ਦੀ ਸਮੁੱਚੀ ਟੀਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਥੇ ਆਈ ਸੀ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦੱਖਣ ਵਾਲੇ ਪਾਸੇ ਜਾਂਦੇ ਰਾਹ 'ਤੇ ਪਾਣੀ ਦੇ ਜਮਾਂਦੜੇ ਨਾਲ ਸ਼ਰਧਾਲੂਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਲਦ ਰਾਹਤ ਦਿਵਾਈ ਜਾਵੇ। ਇਸ ਦੇ ਨਾਲ-ਨਾਲ ਸ਼ਹਿਰ ਅੰਦਰ ਮੋਰੀ ਮੁਹੱਲਾ 'ਚ ਪਾਣੀ ਦੇ ਨਿਕਾਸੀ ਦੀ ਪੁਰਾਣੀ ਸਮੱਸਿਆ, ਮਾਡਲ ਟਾਊਨ ਦੀ ਉਤਰ ਦਿਸ਼ਾ ਨੂੰ ਜਾਂਦੇ ਰਾਹ 'ਤੇ ਟੋਇਆਂ 'ਚ ਤਬਦੀਲ ਹੋ ਚੁੱਕੀ ਸੜਕ ਦੀ ਉਸਾਰੀ ਕਰਵਾਉਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਨੂੰ ਉਚੇਰੇ ਤੌਰ 'ਤੇ ਧਿਆਨ 'ਚ ਰੱਖਿਆ ਜਾਵੇ।


Related News