ਜਲੰਧਰ 'ਚ ਫੜੇ ਗਏ ਕਸ਼ਮੀਰੀ ਅੱਤਵਾਦੀਆਂ ਦਾ ਖਾਲਿਸਤਾਨੀ ਲਿੰਕ ਬੇਨਕਾਬ (ਵੀਡੀਓ)
Friday, Oct 19, 2018 - 05:48 PM (IST)
ਜਲੰਧਰ : ਜਲੰਧਰ ਦੇ ਸਿਟੀ ਇੰਸਟੀਚਿਊਟ 'ਚੋਂ ਫੜੇ ਗਏ ਕਸ਼ਮੀਰ ਦੇ ਤਿੰਨ ਅੱਤਵਾਦੀਆਂ ਦਾ ਖਾਲਿਸਤਾਨੀ ਲਿੰਕ ਸਾਹਮਣੇ ਆਇਆ ਹੈ। ਸਿੱਖ ਫਾਰ ਜਸਟਿਸ ਨੇ ਜਲੰਧਰ 'ਚ ਫੜੇ ਗਏ ਅੱਤਵਾਦੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਹੈ ਕਿ ਕਸ਼ਮੀਰ ਦੇ ਮੁਸਲਮਾਨ ਰੈਫਰੈਂਡਮ 2020 ਦੀ ਉਨ੍ਹਾਂ ਦੀ ਮੁਹਿੰਮ ਨੂੰ ਸਮਰਥਨ ਦੇ ਰਹੇ ਹਨ। ਲਿਹਾਜ਼ਾ ਉਨ੍ਹਾਂ ਦੇ ਸਮਰਥਨ ਦੇ ਇਵਜ਼ 'ਚ ਸਿੱਖ ਫਾਰ ਜਸਟਿਸ ਇਨ੍ਹਾਂ ਕਸ਼ਮੀਰੀ ਅੱਤਵਾਦੀਆਂ ਦੀ ਕਾਨੂੰਨੀ ਸਹਾਇਤਾ ਕਰੇਗਾ। ਸਿੱਖ ਫਾਰ ਜਸਟਿਸ ਨੇ ਬਕਾਇਦਾ ਟਵਿੱਟਰ 'ਤੇ ਇਕ ਪੱਤਰ ਵੀ ਜਾਰੀ ਕੀਤਾ ਹੈ, ਜਿਸ 'ਚ ਜਲੰਧਰ 'ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਕਾਨੂੰਨੀ ਮਦਦ ਕਰਨ ਦੀ ਗੱਲ ਕਹੀ ਗਈ ਹੈ।
Kashmiri Separatists supporting #referendum2020 is not act of terrorism. SFJ to defend #zakirmusa cadre arrested in Punjab @JAMMULINKS @TheAreeshaMir @M_A_Thakur @ZulkarnainAli_ @JeelaniReports @mirza9 @tariqmir @brownpundit @hussain_aijaz @ksheed1 @RanaAyyub @SheikhQayoom pic.twitter.com/d0bc0frCVN
— Sikhs For Justice (@sikhsforjustice) October 17, 2018
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਅੱਤਵਾਦੀ ਜ਼ਾਕਿਰ ਮੂਸਾ ਦੇ ਤਿੰਨ ਸਹਿਯੋਗੀ ਜਲੰਧਰ 'ਚੋਂ ਹਥਿਆਰਾਂ ਸਮੇਤ ਫੜੇ ਗਏ ਸਨ। ਕਸ਼ਮੀਰ ਪੁਲਸ ਨਾਲ ਮਿਲ ਕੇ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਜਲੰਧਰ ਪੁਲਸ ਨੇ ਯੂਸੁਫ ਰਫੀਕ ਭੱਟ, ਜ਼ਾਹਿਦ ਗੁਲਜ਼ਾਰ ਅਤੇ ਮੁਹੰਮਦ ਇਦਰੀਸ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਜਲੰਧਰ ਪੁਲਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਕਸ਼ਮੀਰ 'ਚੋਂ 2 ਹੋਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਖਤਰਨਾਕ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਹੁਣ ਸਿੱਖ ਫਾਰ ਜਸਟਿਸ ਵਲੋਂ ਇਨ੍ਹਾਂ ਦੀ ਕਾਨੂੰਨੀ ਮਦਦ ਦੀ ਪੇਸ਼ਕਸ਼ ਤੋਂ ਬਾਅਦ ਇਨ੍ਹਾਂ ਪੰਜਾਂ ਅੱਤਵਾਦੀਆਂ ਦਾ ਖਾਲਿਸਤਾਨੀ ਲਿੰਕ ਸਾਹਮਣੇ ਆ ਗਿਆ ਹੈ।