ਸ਼ਹਿਰ ਦੀਆਂ ਸਟਰੀਟ ਲਾਈਟਾਂ ਖਸਤਾਹਾਲ ਅਤੇ ਹਾਈਵੇ ਬਾਈਪਾਸ ਵਾਲੀਆਂ ਬੰਦ

03/05/2018 8:04:40 AM

ਫ਼ਰੀਦਕੋਟ(ਹਾਲੀ) - ਸ਼ਹਿਰ 'ਚ ਲੰਬਾ ਸਮਾਂ ਪਹਿਲਾਂ ਨਗਰ ਕੌਂਸਲ ਵੱਲੋਂ ਲਾਈਆਂ ਗਈਆਂ ਸਟਰੀਟ ਲਾਈਟਾਂ ਨੂੰ ਸੁਚਾਰੂ ਰੂਪ 'ਚ ਜਗਾਉਣ ਲਈ ਬੇਸ਼ੱਕ ਠੇਕਾ ਤਾਂ ਹਰ ਵਾਰ ਹੋ ਰਿਹਾ ਹੈ ਪਰ ਜ਼ਿਆਦਾਤਰ ਸਟਰੀਟ ਲਾਈਟਾਂ ਟੁੱਟੀਆਂ ਅਤੇ ਬੰਦ ਹੋਣ ਕਰ ਕੇ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਰਾਤ ਸਮੇਂ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਸਬੰਧਤ ਵਿਭਾਗ ਦੇ ਅਧਿਕਾਰੀ ਚੁੱਪੀ ਧਾਰੀ ਬੈਠੇ ਹਨ।
ਸਟਰੀਟ ਲਾਈਟਾਂ ਨਾਲ ਚੱਲਦੀਆਂ ਹੋਣ ਕਾਰਨ ਆ ਰਹੀ ਪ੍ਰੇਸ਼ਾਨੀ ਬਾਰੇ ਜਾਣਕਾਰੀ ਦਿੰਦਿਆਂ ਪਵਨ ਕੁਮਾਰ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਬਾਬਾ ਫ਼ਰੀਦ ਮਾਰਕੀਟ, ਘੰਟਾ ਘਰ ਚੌਕ, ਸਰਕੂਲਰ ਰੋਡ, ਅਮਨ ਨਗਰ, ਡੋਗਰ ਬਸਤੀ, ਬਲਵੀਰ ਬਸਤੀ, ਬਾਜ਼ੀਗਰ ਬਸਤੀ, ਨਿਊ ਕੈਂਟ ਰੋਡ, ਭਾਨ ਸਿੰਘ ਕਾਲੋਨੀ ਦੀਆਂ ਪਿਛਲੀਆਂ ਗਲੀਆਂ ਤੋਂ ਇਲਾਵਾ ਨੈਸ਼ਨਲ ਹਾਈਵੇ ਤਲਵੰਡੀ ਬਾਈਪਾਸ ਰੋਡ ਅਤੇ ਕਈ ਹੋਰ ਗਲੀਆਂ-ਮੁਹੱਲਿਆਂ ਵਿਚ ਲਾਈਆਂ ਗਈਆਂ ਸਟਰੀਟ ਲਾਈਟਾਂ 'ਚੋਂ ਜ਼ਿਆਦਾਤਰ ਖਰਾਬ ਹਨ, ਜਿਸ ਕਾਰਨ ਇਨ੍ਹਾਂ ਦੇ ਕਈ ਹਿੱਸਿਆਂ ਵਿਚ ਹਨੇਰਾ ਰਹਿੰਦਾ ਹੈ, ਜੋ ਲਾਈਟਾਂ ਜਗਦੀਆਂ ਹਨ, ਉਨ੍ਹਾਂ ਦੇ ਕਈ ਜੋੜ ਨੰਗੇ ਹਨ, ਜਿਸ ਕਾਰਨ ਕੋਈ ਵੀ ਦੁਰਘਟਨਾ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਫ਼ਰੀਦਕੋਟ ਸ਼ਹਿਰ 'ਚ ਕਰੀਬ 3700 ਤੋਂ ਉਪਰ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਖਰਾਬ ਹਨ। ਬੇਸ਼ੱਕ ਸਮੇਂ-ਸਮੇਂ 'ਤੇ ਨਗਰ ਕੌਂਸਲ ਵੱਲੋਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾਉਣ ਲਈ ਯੋਗ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਪਰ ਫਿਰ ਵੀ ਬਹੁਤੀਆਂ ਸਟਰੀਟ ਲਾਈਟਾਂ ਅਕਸਰ ਬੰਦ ਹੀ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਦਿਨ ਵੇਲੇ ਇਹ ਲਾਈਟਾਂ ਜਗਦੀਆਂ ਰਹਿੰਦੀਆਂ ਹਨ, ਜਦੋਂ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ ਪਰ ਰਾਤ ਨੂੰ ਜ਼ਰੂਰਤ ਸਮੇਂ ਬੰਦ ਹੁੰਦੀਆਂ ਹਨ। ਇਸ ਤਰ੍ਹਾਂ ਹੋਣ ਕਰ ਕੇ ਸ਼ਹਿਰ ਵਾਸੀਆਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਥੋਂ ਤੱਕ ਕਿ ਕਈ ਮੁੱਖ ਸੜਕਾਂ 'ਤੇ ਹਨੇਰਾ ਹੋਣ ਕਾਰਨ ਸੜਕਾਂ 'ਤੇ ਬੈਠੇ ਆਵਾਰਾ ਪਸ਼ੂ ਦਿਖਾਈ ਨਹੀਂ ਦਿੰਦੇ ਅਤੇ ਹਾਦਸਾ ਵਾਪਰ ਜਾਂਦਾ ਹੈ। ਸਟਰੀਟ ਲਾਈਟਾਂ ਦੇ ਨਾ ਚੱਲਣ ਕਾਰਨ ਕਈ ਮੁਹੱਲਿਆਂ ਵਿਚ ਚੋਰੀ ਦੀਆਂ ਵੀ ਵਾਰਦਾਤਾਂ ਵਧੀਆਂ ਹਨ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੇ ਸਾਰੇ ਮੁਹੱਲਿਆਂ, ਮੁੱਖ ਸੜਕਾਂ ਅਤੇ ਗਲੀਆਂ ਦੀਆਂ ਲਾਈਟਾਂ ਠੀਕ ਕੀਤੀਆਂ ਜਾਣ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤਲਵੰਡੀ ਭਾਈ ਰੋਡ ਤੋਂ ਕੋਟਕਪੂਰਾ ਰੋਡ ਤੱਕ ਨਹਿਰਾਂ ਦੇ ਨਾਲ-ਨਾਲ ਜੋ ਬਾਈਪਾਸ ਹੈ, ਉੱਥੇ ਪੂਰੀ ਰਾਤ ਆਵਾਜਾਈ ਰਹਿੰਦੀ ਹੈ ਪਰ ਇੱਥੇ ਵੀ ਲਾਈਟਾਂ ਪਿਛਲੇ ਕਾਫੀ ਸਾਲਾਂ ਤੋਂ ਬੰਦ ਹਨ, ਨੂੰ ਵੀ ਚਾਲੂ ਕਰਵਾਇਆ ਜਾਵੇ ਤਾਂ ਕਿ ਰਾਤ ਸਮੇਂ ਸਫਰ ਕਰਨ ਵਾਲੇ ਸ਼ਹਿਰ 'ਚੋਂ ਲੰਘਦੇ ਲੋਕ ਵੀ ਸੁਰੱਖਿਅਤ ਰਹਿ ਸਕਣ।


Related News