ਨਗਰ ਕੌਂਸਲ ਦਾ ਕਾਰਨਾਮਾ, ਟਰਾਲੀ ਖ਼ਰੀਦਣ ਸਮੇਂ ਵਰਤੀ ਇਹ ਹੁਸ਼ਿਆਰੀ ਪਰ ਖੁੱਲ੍ਹੀ ਪੋਲ
Wednesday, Sep 30, 2020 - 06:15 PM (IST)

ਤਪਾ ਮੰਡੀ (ਸ਼ਾਮ,ਗਰਗ): ਨਗਰ ਕੌਸ਼ਲ ਤਪਾ ਵਲੋਂ ਆਪਣੇ ਕੰਮਕਾਜ ਲਈ ਖਰੀਦੀ ਗਈ ਟਰਾਲੀ ਦਾ ਆਰ.ਟੀ.ਆਈ ਰਾਹੀਂ ਹੈਰਾਨੀਜਨਕ ਖੁਲਾਸਾ ਹੋਇਆ ਹੈ। ਨਗਰ ਕੌਂਸਲ ਤਪਾ ਨੇ ਇੱਥੋਂ ਦੇ ਹੀ ਇਕ ਮਿਸਤਰੀ ਤੋਂ ਟਰਾਲੀ ਬਣਵਾ ਲਈ ਪਰ ਮਿਸਤਰੀ ਕੋਲ ਬਿੱਲ ਨਾ ਦੇਣ ਦਾ ਕੋਈ ਸਾਧਨ ਨਾ ਹੋਣ ਕਾਰਨ ਕਿਸੇ ਹੋਰ ਫਰਮ ਤੋਂ ਜਾਅਲੀ ਹੀ ਬਿੱਲ ਬਣਵਾ ਲਿਆ ਅਤੇ ਲਗਭਗ 2 ਲੱਖਰੁਪਏ ਦੇ ਚੈੱਕ ਦੇ ਕੇ ਉਸ ਤੋਂ ਹੱਥੋ-ਹੱਥੀ ਰਕਮ ਵਾਪਸ ਲੈ ਲਈ ਜਦਕਿ ਨਾ ਤਾਂ 2 ਲੱਖ ਰੁਪਏ ਦੀ ਕੋਈ ਕੀਮਤ ਹੈ ਅਤੇ ਨਾ ਹੀ ਟਰਾਲੀ ਬਣਾਉਣ ਵਾਲੇਂ ਤੋਂ ਬਿੱਲ ਲਿਆ ਹੈ। ਬਿੱਲ ਕਿਤੋ ਹੋਰ, ਟਰਾਲੀ ਕਿਤੋਂ ਹੋਰ ਲੈ ਕੇ ਹੈਰਾਨੀਜਨਕ ਹੇਰਾਫੇਰੀ ਕੀਤੀ ਗਈ ਹੈ। ਜੋ ਸਰਕਾਰ ਦੀਆਂ ਜੀ.ਐੱਸ.ਟੀ. ਹਦਾਇਤਾਂ ਦੇ ਬਿਲਕੁਲ ਉਲਟ ਹੈ। ਇਹ ਖੁਲਾਸਾ ਆਰ.ਟੀ.ਆਈ. ਕਾਰਕੁੰਨ ਸੱਤਪਾਲ ਗੋਇਲ ਨੇ ਆਰ.ਟੀ.ਆਈ. ਦੀ ਸੂਚਨਾ ਅਨੁਸਾਰ ਪ੍ਰੈੱਸ ਨੂੰ ਜਾਰੀ ਕੀਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਰੇ ਬਿੱਲ ਦੀ ਜਾਣਕਾਰੀ ਲਈ ਆਰ.ਟੀ.ਆਈ. ਕਾਰਕੁੰਨ ਨੇ ਏ.ਟੀ.ਸੀ ਬਰਨਾਲਾ ਨੂੰ ਵੀ ਜਾਂਚ ਲਿਖਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ 1 ਲੱਖ ਰੁਪਏ ਵਾਲੀ ਟਰਾਲੀ 2 ਲੱਖ ਰੁਪਏ ਦਾ ਬਿੱਲ ਪਾ ਕੇ ਨਗਰ ਕੌਸਲ ਨੂੰ ਲਾਏ ਚੂਨੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਇਸ ਸਬੰਧੀ ਜਦ ਨਗਰ ਕੌਸਲ ਦੇ ਭਾਗ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫਰਮ ਨੇ ਜਿਸ ਮਿਸਤਰੀ ਤੋਂ ਟਰਾਲੀ ਬਣਵਾਈ ਹੈ ਉਸ ਨੂੰ ਸਾਰਾ ਸਾਮਾਨ ਆਪਣੇ ਪਾਸੋਂ ਦੇ ਕੇ ਬਣਵਾਈ ਹੈ ਇਹ ਟਰਾਲੀ ਠੋਸ ਹੈ,ਜਿੰਨਾ ਬਿੱਲ ਕਾਗਜ਼ਾਂ 'ਚ ਪਾਇਆ ਹੈ ਉਨੇ ਦੀ ਹੀ ਟਰਾਲੀ ਦੀ ਖਰੀਦ ਕੀਤੀ ਗਈ ਹੈ।