ਸਿਟੀ ਸੈਂਟਰ ਕੇਸ : ਕਲੋਜ਼ਰ ਰਿਪੋਰਟ ''ਤੇ ਬਹਿਸ ਸ਼ੁਰੂ, ਅਗਲੀ ਸੁਣਵਾਈ 28 ਨੂੰ
Friday, Nov 16, 2018 - 02:05 PM (IST)

ਲੁਧਿਆਣਾ (ਮਹਿਰਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਖਿਲਾਫ ਚੱਲ ਰਹੇ ਸਿਟੀ ਸੈਂਟਰ ਮਾਮਲੇ ਨੂੰ ਵਿਜੀਲੈਂਸ ਪੁਲਸ ਵਲੋਂ ਬੰਦ ਕਰਵਾਉਣ ਲਈ ਦਾਖਲ ਕੀਤੀ ਗਈ ਕਲੋਜ਼ਰ ਰਿਪੋਰਟ 'ਤੇ ਬਚਾਅ ਪੱਖ ਧਿਰ ਵਲੋਂ ਪੰਜਾਬ ਦੇ ਪ੍ਰੋਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਨੇ ਬਹਿਸ ਸ਼ੁਰੂ ਕਰਦੇ ਹੋਏ 1.30 ਵਜੇ ਅਦਾਲਤ ਸਾਹਮਣੇ ਮਾਮਲੇ ਦੇ ਪਹਿਲੂ ਰੱਖੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਅਟਾਰਨੀ ਰਵਿੰਦਰ ਗੁਪਤਾ ਅਬਰੌਲ ਵੀ ਅਦਾਲਤ ਵਿਚ ਮੌਜੂਦ ਸਨ। ਡਾਇਰੈਕਟਰ ਵਿਜੇ ਸਿੰਗਲਾ ਨੇ ਸੈਸ਼ਨ ਜੱਜ ਸਾਹਮਣੇ ਸਿਟੀ ਸੈਂਟਰ ਨਾਲ ਸਬੰਧਤ ਘਟਨਾਵਾਂ ਤੇ ਪਹਿਲੂਆਂ ਨੂੰ ਸ਼ੁਰੂ ਤੋਂ ਤੇ ਬਾਰੀਕੀਆਂ ਸਮੇਤ ਕ੍ਰਮਵਾਰ ਰੱਖਿਆ।
ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਬਹਿਸ ਨੂੰ ਕਰੀਬ 1.30 ਘੰਟੇ ਤੱਕ ਸੁਣਨ ਤੋਂ ਬਾਅਦ ਬਾਕੀ ਬਹਿਸ ਲਈ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਨਿਰਧਾਰਤ ਕਰਦੇ ਹੋਏ ਦੋਵਾਂ ਧਿਰਾਂ ਨੂੰ ਕਲੋਜ਼ਰ ਰਿਪੋਰਟ 'ਤੇ ਆਪਣੀ ਬਹਿਸ ਕਰਨ ਲਈ ਕਿਹਾ ਹੈ। ਉਥੇ ਅਦਾਲਤ ਨੇ ਈ. ਡੀ. ਵਿਭਾਗ ਨੂੰ ਸਿਟੀ ਸੈਂਟਰ ਮਾਮਲੇ ਦੀ ਕੇਸ ਫਾਈਲ ਦੇਖਣ ਲਈ ਦਿੱਤੀ ਗਈ ਮਨਜ਼ੂਰੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਲਾਈ ਗਈ ਰੋਕ ਕਾਰਨ ਇਸ 'ਤੇ ਆਪਣੀ ਸੁਣਵਾਈ 15 ਦਸੰਬਰ ਤੈਅ ਕੀਤੀ ਹੈ।