ਐਗਰੀਮੈਂਟ ਖ਼ਤਮ, ਬੰਦ ਹੋ ਸਕਦੀ ਹੈ ਸਿਟੀ ਬੱਸ ਸਰਵਿਸ
Monday, Jan 22, 2024 - 03:49 PM (IST)
ਲੁਧਿਆਣਾ (ਹਿਤੇਸ਼) : ਮਹਾਨਗਰ ’ਚ ਸਿਟੀ ਬੱਸ ਸਰਵਿਸ ਬੰਦ ਹੋ ਸਕਦੀ ਹੈ ਕਿਉਂਕਿ ਨਗਰ ਨਿਗਮ ਨੇ ਐਗਰੀਮੈਂਟ ਖ਼ਤਮ ਹੋਣ ਤੋਂ ਬਾਅਦ ਨਾ ਤਾਂ ਕੰਪਨੀ ਨੂੰ ਪੁਰਾਣਾ ਕਿਰਾਇਆ ਪੈਂਡਿੰਗ ਹੋਣ ਦੇ ਮੱਦੇਨਜ਼ਰ ਐਕਸਟੈਂਸ਼ਨ ਦਿੱਤੀ ਅਤੇ ਨਾ ਹੀ ਆਪਣੇ ਤੌਰ ’ਤੇ ਸਿਟੀ ਬੱਸ ਸਰਵਿਸ ਚਲਾਉਣ ਲਈ ਕੋਈ ਪਲਾਨਿੰਗ ਕੀਤੀ ਗਈ ਹੈ ਸਗੋਂ ਕੰਪਨੀ ਨੂੰ ਚਾਲੂ ਹਾਲਤ ’ਚ 82 ਬੱਸਾਂ ਵਾਪਸ ਕਰਨ ਲਈ ਨੋਟਿਸ ਭੇਜ ਦਿੱਤਾ ਗਿਆ ਹੈ। ਜੇਕਰ ਕੰਪਨੀ ਬੱਸਾਂ ਰੱਖਣਾ ਚਾਹੁੰਦੀ ਤਾਂ ਉਸ ਨੂੰ ਸ਼ਰਤਾਂ ਮੁਤਾਬਕ 20 ਫੀਸਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ।
ਕਿਰਾਏ ਦੀ ਵਸੂਲੀ ਲਈ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ
ਸਿਟੀ ਸਰਵਿਸ ਬੱਸ ਚਲਾਉਣ ਵਾਲੀ ਕੰਪਨੀ ਵੱਲੋਂ 2018 ਤੋਂ ਬਾਅਦ ਨਗਰ ਨਿਗਮ ਨੂੰ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ 2019 ਵਿਚ ਟਰਮੀਨੇਸ਼ਨ ਨੋਟਿਸ ਜਾਰੀ ਹੋਣ ਤੋਂ ਬਾਅਦ ਕੰਪਨੀ ਨੇ ਕੋਰਟ ਦੀ ਸ਼ਰਨ ਲਈ ਤਾਂ ਬਕਾਇਆ ਕਿਰਾਇਆ ਦੇਣ ਅਤੇ ਸਾਰੀਆਂ ਬੱਸਾਂ ਚਲਾਉਣ ਦੀ ਸ਼ਰਤ ’ਤੇ ਟਿਕਟ ਦੇ ਰੇਟ ਵਧਾ ਦਿੱਤੇ ਗਏ ਪਰ ਕੰਪਨੀ ਨੇ ਦੋਵੇਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ। ਹੁਣ ਬਕਾਇਆ ਕਿਰਾਏ ਦਾ ਅੰਕੜਾ 5.42 ਕਰੋੜ ’ਤੇ ਪੁੱਜ ਗਿਆ ਹੈ ਅਤੇ ਉਸ ਦੀ ਵਸੂਲੀ ਲਈ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਵਰਕਸ਼ਾਪ ’ਚ ਖੜ੍ਹੀਆਂ 37 ਬੱਸਾਂ ਨੂੰ ਨਹੀਂ ਮਿਲ ਰਹੇ ਹਨ ਖ਼ਰੀਦਦਾਰ
ਸਿਟੀ ਬੱਸ ਸਰਵਿਸ ਨਾਲ ਜੁੜਿਆ ਇਕ ਮਾਮਲਾ ਇਹ ਵੀ ਹੈ ਕਿ ਕੰਪਨੀ ਵੱਲੋਂ 2015 ਦੌਰਾਨ 120 ’ਚੋਂ 37 ਬੱਸਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵਰਕਸ਼ਾਪ ਵਿਚ ਖੜ੍ਹੀਆਂ ਰਹਿਣ ਦੀ ਵਜ੍ਹਾ ਨਾਲ ਇਹ ਬੱਸਾਂ ਕੰਡਮ ਹੋ ਗਈਆਂ ਹਨ। ਇਨ੍ਹਾਂ ਬੱਸਾਂ ਨੂੰ ਵੇਚਣ ਲਈ ਨਗਰ ਨਿਗਮ ਵੱਲੋਂ ਕੇਂਦਰ ਸਰਕਾਰ ਦੀ ਕੰਪਨੀ ਜ਼ਰੀਏ ਈ-ਆਕਸ਼ਨ ਰੱਖੀ ਗਈ ਹੈ ਪਰ ਦੋ ਵਾਰ ਕਾਫੀ ਘੱਟ ਰੇਟ ਆਉਣ ਕਾਰਨ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਅਤੇ ਹੁਣ ਤੀਜੀ ਵਾਰ ਬੋਲੀ ਰੱਖੀ ਗਈ ਹੈ।