ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸੜਕਾਂ 'ਤੇ ਉੱਤਰੇ ਡਾ. ਗਾਂਧੀ ਤੇ ਹੋਰ ਜਥੇਬੰਦੀਆਂ

01/30/2020 8:06:46 PM

ਪਟਿਆਲਾ (ਬਲਜਿੰਦਰ): ਕੈਪਟਨ ਦੇ ਸ਼ਹਿਰ ਪਟਿਆਲਾ 'ਚ ਅੱਜ ਮਹਾਤਮਾ ਗਾਂਧੀ ਸਮਾਰਕ ਤੋਂ ਸ਼ਹਿਰ ਦੀਆਂ ਸੜਕਾਂ 'ਤੇ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਹੇਠ 'ਅਸੀ ਭਾਰਤ ਦੇ ਲੋਕ' ਝੰਡੇ ਹੇਠ 100 ਤੋਂ ਵੱਧ ਜਥੇਬੰਦੀਆਂ ਇਕੱਠੀਆਂ ਹੋਈਆਂ। ਇਨ੍ਹਾਂ ਜਥੇਬੰਦੀਆਂ ਵੱਲੋਂ ਨਾਗਰਿਕ ਸੋਧ ਕਾਨੂੰਨ (ਸੀ. ਏ. ਏ.), ਨਾਗਰਿਕਾਂ ਦੇ ਰਾਸ਼ਟਰੀ ਰਜਿਸਟਰ (ਐਨ. ਆਰ. ਸੀ.) ਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐਨ. ਸੀ. ਆਰ) ਦੇ ਵਿਰੋਧ 'ਚ ਮਨੁੱਖੀ ਚੇਨ ਬਣਾਈ ਗਈ।

ਮਨੁੱਖੀ ਲੜੀ ਬਣਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ. ਐਸ. ਐਸ. ਦੇ ਹਿੰਦੂਤਵਵਾਦੀ ਫਾਸ਼ੀ ਏਜੰਡੇ ਤਹਿਤ ਇਸ ਕਾਲੇ ਕਾਨੂੰਨ ਰਾਹੀਂ ਦੇਸ਼ ਨੂੰ ਫਿਰਕੂ ਲੀਹਾਂ 'ਤੇ ਵੰਡਣ ਦੇ ਰਾਹ ਪਈ ਹੋਈ ਹੈ। ਸੰਵਿਧਾਨ ਦੀ ਮੂਲ ਪ੍ਰਸਤਾਵਨਾਂ ਦੇ ਉਲਟ ਕੇਂਦਰ ਸਰਕਾਰ ਦੇਸ਼ 'ਚ ਨਾਗਰਿਕਤਾ ਨੂੰ ਫਿਰਕੂ ਲੀਹਾਂ 'ਤੇ ਟਿਕਾਣਾ ਚਾਹੁੰਦੀ ਹੈ, ਘੱਟ ਗਿਣਤੀਆਂ ਨੂੰ ਬਾਹਰ ਧੱਕਣਾ ਚਾਹੁੰਦੀ ਹੈ। ਸਰਕਾਰ ਦੀ ਫਿਰਕੂ ਸੋਚ ਦਾ ਵਿਰੋਧ ਕਰਦੇ ਹੋਏ ਡਾ. ਗਾਂਧੀ ਨੇ ਕਿਹਾ ਕਿ ਗ੍ਰਹਿ ਮੰਤਰੀ ਅੰਮਿਤ ਸ਼ਾਹ ਦੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਦਿੱਤੇ ਬਿਆਨਾਂ ਤੋਂ ਸਾਫ ਹੁੰਦਾ ਹੈ ਕਿ ਪਹਿਲਾਂ ਉਹ ਐਨ. ਪੀ. ਆਰ ਰਾਹੀਂ ਲੋਕਾਂ ਦੀ ਫਿਰਕੂ ਲੀਹਾਂ 'ਤੇ ਨਿਸ਼ਾਨਦੇਹੀ ਕਰਨਗੇ, ਫਿਰ ਫਿਰਕੂ ਅਧਾਰ ਤੇ ਐਨ. ਆਰ. ਸੀ. ਰਾਹੀਂ ਉਨ੍ਹਾਂ ਤੋਂ ਨਾਗਰਿਕਤਾ ਦੇ ਅਜਿਹੇ ਸਬੂਤ ਮੰਗਣਗੇ ਜੋ ਦੇਸ਼ ਦੇ ਵੱਡੀ ਗਿਣਤੀ ਨਾਗਰਿਕ ਦੇ ਨਹੀਂ ਸਕਣਗੇ ਕਿਉਂਕਿ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਪਾਸਪੋਰਟ, ਅਧਾਰ ਕਾਰਡ, ਵੋਟਰ ਕਾਰਡ ਜਾ ਅਜਿਹੇ ਹੋਰ ਪ੍ਰਮਾਣ ਪੱਤਰ ਨਾਗਰਿਕਤਾ ਦਾ ਕੋਈ ਸਬੂਤ ਨਹੀਂ, ਫਿਰ ਸਬੂਤ ਕੀ ਹੋਵੇਗਾ ਇਹ ਇੱਕ ਬੁਝਾਰਤ ਹੈ। ਕਰੋੜਾਂ ਲੋਕਾਂ ਦੀ ਫਿਰ ਫਿਰਕੂ ਅਧਾਰ 'ਤੇ ਨਾਗਰਿਕਤਾ ਮੰਨਣ ਤੋਂ ਇਨਕਾਰ ਕੀਤਾ ਜਾਵੇਗਾ ਤੇ ਅੰਤ 'ਚ ਨਾਗਰਿਕਤਾ ਸੋਧ ਕਾਨੂੰਨ ਅਨੁਸਾਰ ਹਿੰਦੂਤਵ ਪੱਖੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ ਅਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ 'ਤਸੀਹਾਂ ਕੈਂਪਾਂ' ਵਿੱਚ ਸੁੱਟਿਆ ਜਾਵੇਗਾ। ਦੁਖਦਾਈ ਗੱਲ ਇਹ ਹੈ ਕਿ ਹੁਣ ਸਰਕਾਰ ਨੇ ਫੌਜ਼ ਦੇ ਮੁਖੀਆਂ ਰਾਹੀਂ ਵੀ ਅਜਿਹੇ ਕੈਂਪ ਲਾਉਣ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਹੈ।
ਡੱਬੀ

ਸਰਕਾਰ ਦੀ ਇਹ ਸੋਚ ਹਿਟਲਰ ਦੀ ਫਾਂਸੀ ਸੋਚ ਦੀ ਯਾਦ ਦਿਵਾਉਂਦੀ ਹੈ
ਡਾ. ਗਾਂਧੀ ਨੇ ਸੀ. ਏ. ਏ., ਐਨ. ਆਰ. ਸੀ. ਤੇ ਐਨ. ਪੀ. ਆਰ. ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਭਾਰਤ ਦੇ ਜਮਹੂਰੀਅਤ ਪਸੰਦ ਲੋਕ ਫਿਰਕੂ ਵੰਡ ਤੋਂ ਉੱਪਰ ਉਠਕੇ ਸਰਕਾਰ ਦੇ ਫਾਸੀਵਾਦੀ ਮਨਸੂਬਿਆਂ ਨੂੰ ਕਿਸੇ ਵੀ ਹਾਲਤ 'ਚ ਕਾਮਯਾਬ ਨਹੀਂ ਹੋਣ ਦੇਣਗੇ, ਇਸ ਲਈ ਭਾਂਵੇ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾਂ ਦੇਣੀਆਂ ਪੈਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਜਾਬ ਏਕਤਾ ਪਾਰਟੀ ਦੇ ਰਸ਼ਪਾਲ ਸਿੰਘ ਜੌੜੇਮਾਜਰਾ, ਆਕਾਲੀ ਦਲ (ਅਮ੍ਰਿਤਸਰ) ਦੇ ਪ੍ਰੋਫ਼ੈਸਰ ਮਹਿੰਦਰਪਾਲ ਸਿੰਘ, ਕਿਸਾਨ ਮਜਦੂਰ ਖੁਦਕਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਝੁਨੀਰ, ਜਾਮਾ ਮਸਜਿਦ ਦੇ ਇਮਾਮ ਮੁਹੰਮਦ ਨਾਈਮ, ਪੰਥਕ ਅਕਾਲੀ ਲਹਿਰ ਤੋਂ  ਜੋਗਾ ਸਿੰਘ ਚਪੜ ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ, ਭਗਵੰਤ ਕੰਗਣਵਾਲ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੈਅਰਮੈਨ ਪ੍ਰੋਫ਼ੈਸਰ ਬਾਵਾ ਸਿੰਘ, ਏ.ਆਈ.ਪੀ.ਐਫ. ਦੇ ਬਲਵਿੰਦਰ ਸਿੰਘ ਚਾਹਲ, ਡੈਮੋਕਰੇਟਿਕ ਲਾਇਅਰਜ ਐਸੋਸ਼ੀਏਸ਼ਨ ਦੇ ਐਡਵੋਕੇਟ ਰਜੀਵ ਲੋਹਟਬੱਧੀ, ਐਡਵੋਕੇਟ, ਤਰਕਸ਼ੀਲ ਸੁਸਾਇਟੀ ਪੰਜਾਬ ਦੇਰਾਮ ਕੁਮਾਰ ਢਕਰੱਬਾ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਦਿੱਤੂਪੁਰ, ਨਵਾਂ ਪੰਜਾਬ ਪਾਰਟੀ ਦੇ ਹਰਮੀਤ ਕੌਰ ਬਰਾੜ, ਨਵਾਂ ਪੰਜਾਬ ਪਾਰਟੀ ਦੇ ਡਾ. ਨਰਿੰਦਰ ਸਿੰਘ ਸੰਧੂ, ਸਾਬਕਾ ਡੀਨ, ਰਿਸਰਚ ਸਕਾਲਰ ਐਸੋਸੀਸ਼ੇਸ਼ਨ ਵਲੋਂ ਬੇਅੰਤ ਸਿੰਘ, ਡੀ. ਐਸ.ਓ. ਦੇ ਜਸਪ੍ਰੀਤ ਕੌਰ, ਫਿਲਮ ਉਦਯੋਗ ਤੋਂ ਗਜਲ ਧਾਲੀਵਾਲ, ਐਲ.ਜੀ.ਬੀ.ਟੀ. ਕਿਊ. ਤੋਂ ਮਨਿੰਦਰਜੀਤ ਸਿੰਘ,   ਡਾਕਟਰ ਮਲਕੀਤ ਸਿੰਘ ਸੈਣੀ, ਲਲਿਤ ਕੁਮਾਰ ਸ਼ਰਮਾ, ਚਰਨਜੀਤ ਕੁਮਾਰ ਸ਼ਰਮਾ, ਸਾਬਕਾ ਡੀ.ਐਸ.ਪੀ. ਦਰਸ਼ਨ ਸਿੰਘ ਆਨੰਦ, ਪੰਜਾਬ ਰੈਡੀਕਲ ਸਟੂਡੈੰਟ ਯੂਨੀਅਨ ਸੰਦੀਪ ਕੌਰ ਤੋ ਇਲਾਵਾਂ ਹੋਰ ਵੀ ਮੈਂਬਰ ਹਾਜਰ ਸਨ।


Related News