ਚੁੱਘ ਨੇ ਮੋਦੀ ਸਰਕਾਰ ਵੱਲੋਂ MSP ’ਚ ਵਾਧੇ ਦੇ ਫ਼ੈਸਲੇ ਦਾ ਕੀਤਾ ਸਵਾਗਤ
Wednesday, Sep 08, 2021 - 07:47 PM (IST)
ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਣਕ, ਜੌਂ ਅਤੇ ਹੋਰ ਫਸਲਾਂ ਦੇ ਐੱਮ. ਐੱਸ. ਪੀ. (ਘੱਟੋ-ਘੱਟ ਸਮਰਥਨ ਮੁੱਲ) ਵਧਾਉਣ ਦੇ ਕੇਂਦਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਐੱਮ. ਐੱਸ. ਪੀ. ਪ੍ਰਣਾਲੀ ਨਾਲ ਖੜ੍ਹੇ ਹੋਣ ਤੇ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ’ਚ ਮਦਦ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਚੁੱਘ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ’ਤੇ ਕੁਝ ਸਵਾਰਥੀ ਨੇਤਾਵਾਂ ਅਤੇ ਪਾਰਟੀਆਂ ਵੱਲੋਂ ‘ਗੁੰਮਰਾਹਕੁੰਨ ਅਤੇ ਬੇਬੁਨਿਆਦ ਪ੍ਰਚਾਰ’ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਐੱਮ. ਐੱਸ. ਪੀ. ’ਚ ਲਗਾਤਾਰ ਅਤੇ ਵਾਜਬ ਵਾਧਾ ਉਨ੍ਹਾਂ ਦੇ ਬੇਬੁਨਿਆਦ ਅਤੇ ਸਾਜ਼ਿਸ਼ ਵਾਲੇ ਪ੍ਰਚਾਰ ਦਾ ਸਹੀ ਜਵਾਬ ਹੈ। ਚੁੱਘ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪਹਿਲੇ ਦਿਨ ਤੋਂ ਐੱਮ. ਐੱਸ. ਪੀ. ਪ੍ਰਣਾਲੀ ਦੇ ਨਾਲ ਖੜ੍ਹੇ ਰਹਿਣ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ ਅਤੇ ਸਮੇਂ-ਸਮੇਂ ’ਤੇ ਸਾਰੀਆਂ ਫਸਲਾਂ ਦੇ ਐੱਮ. ਐੱਸ. ਪੀ. ’ਚ ਵਾਧੇ ਤੋਂ ਇਲਾਵਾ ਇਹ ਯਕੀਨੀ ਕੀਤਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਕੀਮਤ ਸਿੱਧੇ ਖਾਤਿਆਂ ’ਚ ਟਰਾਂਸਫਰ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਜ਼ੁਰਗ ਬੀਬੀ ਦੇ ਕਤਲ ਦੀ ਸੁਲਝੀ ਗੁੱਥੀ, ਘਰੋਂ ਕੱਢਣ ’ਤੇ ਕੇਅਰਟੇਕਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਚੁੱਘ ਨੇ ਕਿਹਾ ਕਿ ਉਹ ਕੇਂਦਰ ਦੇ ਐੱਮ. ਐੱਸ. ਪੀ. ਨੂੰ 114 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਸੂਰਜਮੁਖੀ ਲਈ ਕ੍ਰਮਵਾਰ 5,441 ਰੁਪਏ ਅਤੇ ਕਣਕ ਅਤੇ ਜੌਂ ਲਈ 40 ਅਤੇ 35 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਸਵਾਗਤ ਕਰਦੇ ਹਨ। ਕਣਕ ਦਾ ਐੱਮ. ਐੱਸ. ਪੀ. 2,015 ਰੁਪਏ ਪ੍ਰਤੀ ਕੁਇੰਟਲ ਅਤੇ ਜੌਂ ਦਾ 1635 ਰੁਪਏ ਹੋਵੇਗਾ। ਚੁੱਘ ਨੇ ਕਿਹਾ ਕਿ 2022-23 ਲਈ ਹਾੜ੍ਹੀ ਦੀਆਂ ਫਸਲਾਂ ਲਈ ਐੱਮ. ਐੱਸ. ਪੀ. ’ਚ ਵਾਧਾ ਕੇਂਦਰ ਦੀ ਉਤਪਾਦਨ ਦੀ ਔਸਤ ਲਾਗਤ ਦੇ ਘੱਟੋ-ਘੱਟ 1.5 ਗੁਣਾ ਦੇ ਪੱਧਰ ’ਤੇ ਇਸ ਨੂੰ ਠੀਕ ਕਰਨ ਦੀ ਵਚਨਬੱਧਤਾ ਦੇ ਅਨੁਸਾਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦਾ ਮਸੀਹਾ ਦੱਸਦਿਆਂ ਚੁੱਘ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ 2022 ਤੱਕ ਭਾਰਤ ਦੇ ਕਿਸਾਨਾਂ ਦੀ ਆਮਦਨ ਨੂੰ ਸਵਾਮੀਨਾਥਨ ਕਮਿਸ਼ਨ ਦੇ ਅਨੁਸਾਰ ਬਣਾਉਣ ਲਈ ਵਚਨਬੱਧ ਹੈ ਅਤੇ ਲਗਾਤਾਰ ਕਿਸਾਨਾਂ ਦੇ ਹਿੱਤ ’ਚ ਕੰਮ ਕਰ ਰਹੀ ਹੈ।