ਕਬਰਸਤਾਨ ''ਤੇ ਨਾਜਾਇਜ਼ ਕਬਜ਼ੇ ਕਾਰਨ ਈਸਾਈ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ
Saturday, Mar 24, 2018 - 04:08 AM (IST)

ਖਾਲੜਾ/ਭਿੱਖੀਵਿੰਡ, (ਭਾਟੀਆ, ਬਖਤਾਵਰ, ਲਾਲੂ ਘੁੰਮਣ)- ਕਸਬਾ ਖਾਲੜਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਮਾੜੀਮੇਘਾ ਵਿਖੇ ਈਸਾਈ ਭਾਈਚਾਰੇ ਦੇ ਕਬਰਸਤਾਨ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਪੁਲਸ ਨੂੰ ਦਿੱਤੀ ਦਰਖਾਸਤ 'ਚ ਡਾ. ਗੁਲਜ਼ਾਰ ਸਿੰਘ, ਕ੍ਰਿਪਾਲ ਸਿੰਘ ਤੇ ਨਜ਼ੀਰ ਮਸੀਹ ਨੇ ਦੱਸਿਆ ਕਿ ਅਸੀਂ ਪਿੰਡ ਮਾੜੀਮੇਘਾ ਦੇ ਵਸਨੀਕ ਹਾਂ। ਸਾਡੇ ਭਾਈਚਾਰੇ ਦਾ ਕਬਰਸਤਾਨ ਹੈ, ਜਿਸ ਨੂੰ ਬੀਤੀ ਦਿਨੀਂ ਸਾਹਿਬ ਸਿੰਘ ਨੇ ਟਰੈਕਟਰ ਨਾਲ ਵਾਹ ਦਿੱਤਾ। ਉਸ ਵੱਲੋਂ ਇਸ ਕਬਰਸਤਾਨ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਇਸ ਖਿਲਾਫ ਸਾਡੇ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੇ ਕਬਰਸਤਾਨ ਦੀ ਜਗ੍ਹਾ ਵਾਹੁਣ ਸਬੰਧੀ ਸਖਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ ।
ਕੀ ਕਹਿੰਦੇ ਹਨ ਦੂਜੀ ਧਿਰ ਦੇ ਲੋਕ : ਇਸ ਸਬੰਧੀ ਦੂਜੀ ਧਿਰ ਦੀ ਬੀਬੀ ਅਨੂਪ ਕੌਰ ਨੇ ਕਿਹਾ ਕਿ ਇਹ ਜਗ੍ਹਾ ਨੰਬਰੀ ਹੈ ਅਤੇ ਇਸਦੀ ਰਜਿਸਟਰੀ ਸਾਡੇ ਕੋਲ ਸੀ ਤੇ ਇਹ ਜਗ੍ਹਾ ਮੈਂ ਸਾਹਿਬ ਸਿੰਘ ਮਾੜੀਮੇਘਾ ਨੂੰ ਵੇਚ ਦਿੱਤੀ ਹੈ। ਇਸ ਸਬੰਧੀ ਜਦੋਂ ਸਾਹਿਬ ਸਿੰਘ ਮਾੜੀਮੇਘਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜਗ੍ਹਾ 4 ਕਨਾਲਾਂ ਤੇ 15 ਮਰਲੇ ਅਸੀਂ ਬੀਬੀ ਅਨੂਪ ਕੌਰ ਕੋਲੋਂ ਖਰੀਦੀ ਹੈ। ਜਦ ਕਿ ਈਸਾਈ ਭਾਈਚਾਰੇ ਦੇ ਲੋਕ ਕਹਿੰਦੇ ਹਨ ਕਿ ਇਹ ਜਗ੍ਹਾ ਸਾਡੀ ਹੈ।
ਇਸ ਮੌਕੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਪੁਲਸ ਪਾਰਟੀ ਸਮੇਤ ਪੁੱਜੇ ਤੇ ਦੋਵਾਂ ਧਿਰਾਂ ਦੇ ਬਿਆਨ ਲਏ ਤੇ ਕਾਰਵਾਈ ਕਰਨ ਦਾ ਟਾਈਮ ਲਿਆ। ਉਨ੍ਹਾਂ ਕਿਹਾ ਜੇਕਰ ਸਮਝੌਤਾ ਨਾ ਹੋਇਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। Ý
ਇਸ ਮੌਕੇ ਨਾਇਬ ਤਹਿਸੀਲਦਾਰ ਜਸਬੀਰ ਸਿੰਘ ਭਿੱਖੀਵਿੰਡ, ਥਾਣਾ ਮੁਖੀ ਕਸ਼ਮੀਰ ਸਿੰਘ ਖਾਲੜਾ, ਬਲਾਕ ਪ੍ਰਧਾਨ ਸ਼ਿੰਦਾ ਸਿੰਘ ਬੁੱਗ, ਪਟਵਾਰੀ ਰਾਮ ਪ੍ਰਕਾਸ਼, ਸਾਰਜ ਸਿੰਘ ਮਾੜੀਮੇਘਾ, ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ ਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ।