ਚੋਰ ਗੁਰਦੁਆਰੇ ਦੀ ਗੋਲਕ ਤੋਡ਼ ਕੇ 8 ਹਜ਼ਾਰ ਲੈ ਕੇ ਰਫੂ-ਚੱਕਰ
Friday, Aug 03, 2018 - 12:11 AM (IST)
ਬਟਾਲਾ/ਕਲਾਨੌਰ, ਗੁਰਦਾਸਪੁਰ, (ਬੇਰੀ, ਮਨਮਹੋਨ, ਵਿਨੋਦ)- ਸਰਹੱਦੀ ਪਿੰਡ ਚੌਡ਼ਾ ਖੁਰਦ ਦੇ ਗੁਰਦੁਆਰਾ ਸਾਹਿਬ ਵਿਚੋਂ ਇਕ ਚੋਰ ਵੱਲੋਂ ਗੋਲਕ ਤੋਡ਼ ਕੇ ਕਰੀਬ 8 ਹਜ਼ਾਰ ਰੁਪਏ ਚੋਰੀ ਕਰ ਕੇ ਫਰਾਰ ਗਿਆ ਹੈ ਜਦਕਿ ਚੋਰੀ ਦੀ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਪੁਲਸ ਥਾਣਾ ਕਲਾਨੌਰ ਵਿਖੇ ਦਰਜ ਕਰਵਾਈ ਰਿਪੋਰਟ ’ਚ ਗੁਰਦੁਆਰੇ ਦੇ ਗ੍ਰੰਥੀ ਪੂਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8.30 ਵਜੇ ਉਹ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਕਰ ਕੇ ਆਪਣੇ ਘਰ ਚਲੇ ਗਏ ਸੀ ਅਤੇ ਅੱਜ ਸਵੇਰੇ 4.30 ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਦੇਖਿਆ ਕਿ ਕਮਰੇ ਦੀ ਬਾਰੀ ਦੀ ਗਰਿੱਲ ਟੁੱਟੀ ਹੋਈ ਸੀ ਅਤੇ ਜਦੋਂ ਕਮਰੇ ਅੰਦਰ ਦੇਖਿਆ ਤਾਂ ਗੋਲਕ ਤੋਡ਼ ਕੇ ਚੋਰ 8 ਹਜ਼ਾਰ ਰੁਪਏ ਲਿਜਾ ਚੁੱਕੇ ਸਨ। ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਗ੍ਰੰਥੀ ਪੂਰਨ ਸਿੰਘ ਦੇ ਬਿਆਨਾਂ ’ਤੇ ਧਾਰਾ 457, 380 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਏ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਚੋਰ ਨੂੰ ਜਲਦ ਕਾਬੂ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
