ਹੈਜ਼ੇ ਨੇ ਲਈ ਵਿਦਿਆਰਥਣ ਦੀ ਜਾਨ
Thursday, Jul 26, 2018 - 01:31 AM (IST)

ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ’ਚ ਫੈਲੇ ਡਾਇਰੀਆ ਦੀ ਲਪੇਟ ’ਚ ਆਈ ਇਕ 5ਵੀਂ ਜਮਾਤ ਦੀ ਵਿਦਿਆਰਥਣ ਵਿਸ਼ਾਖਾ ਰਾਣੀ ਪੁੱਤਰੀ ਰਣਜੀਤ ਸਿੰਘ ਵਾਸੀ ਮੁਹੱਲਾ ਫਤਹਿਗਡ਼੍ਹ ਦੀ ਅੱਜ ਸਵੇਰੇ ਮੌਤ ਹੋ ਗਈ। ਇਸ ਦੇ ਨਾਲ ਹੀ 5 ਦਿਨਾਂ ’ਚ ਇਸ ਰੋਗ ਨਾਲ ਮਰਨ ਵਾਲਿਆਂ ਦੀ ਗਿਣਤੀ 6 ਤੱਕ ਪਹੁੰਚ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬੱਚੀ ਨੂੰ ਦਾਖ਼ਲ ਕਰ ਕੇ ਇਲਾਜ ਕਰਨ ਦੀ ਬਜਾਏ ਦਵਾਈਆਂ ਲਿਖ ਕੇ ਘਰ ਭੇਜ ਦਿੱਤਾ : ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ ਸਨ ਪਰ ਉਥੇ 2 ਘੰਟੇ ਰੱਖਣ ਤੋਂ ਬਾਅਦ ਹੀ ਉਸ ਨੂੰ ਛੁੱਟੀ ਦੇ ਦਿੱਤੀ ਗਈ। ਹਾਲਾਂਕਿ ਬੱਚੀ ਦੀ ਹਾਲਤ ਕਾਫੀ ਖਰਾਬ ਸੀ। ਘਰ ਪਹੁੰਚਣ ਤੋਂ ਕਰੀਬ ਢਾਈ ਘੰਟੇ ਬਾਅਦ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਬੱਚੀ ਨੂੰ ਦਾਖ਼ਲ ਕਰ ਕੇ ਇਲਾਜ ਦੀ ਬਜਾਏ ਦਵਾਈਆਂ ਲਿਖ ਕੇ ਸਾਨੂੰ ਘਰ ਭੇਜ ਦਿੱਤਾ ਗਿਆ। ਜੇਕਰ ਹਸਪਤਾਲ ’ਚ ਡਾਕਟਰੀ ਇਲਾਜ ਮਿਲ ਜਾਂਦਾ ਤਾਂ ਉਨ੍ਹਾਂ ਦੀ ਬੱਚੀ ਬਚ ਸਕਦੀ ਸੀ।
ਹਸਪਤਾਲ ’ਚ ਹੁਣ ਤੱਕ ਦਾਖ਼ਲ ਹੋਏ 327 ਮਰੀਜ਼
ਸਿਵਲ ਹਸਪਤਾਲ ’ਚ ਇਲਾਜ ਲਈ ਪਹੁੰਚਣ ਵਾਲੇ ਡਾਇਰੀਆ ਦੇ ਮਰੀਜ਼ਾਂ ਦੀ ਕੁੱਲ ਗਿਣਤੀ 620 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚ 327 ਮਰੀਜ਼ਾਂ ਨੂੰ ਦਾਖ਼ਲ ਕੀਤਾ ਗਿਆ ਹੈ। ਸਿਵਲ ਹਸਪਤਾਲ ’ਚ ਤਾਇਨਾਤ ਨੋਡਲ ਅਫ਼ਸਰ ਤੇ ਐਪੀਡੀਮਾਇਲੋਜਿਸਟ ਡਾ. ਸ਼ੈਲੇਸ਼ ਨੇ ਦੱਸਿਆ ਕਿ ਹੁਣ ਹਸਪਤਾਲ ’ਚ 89 ਮਰੀਜ਼ ਦਾਖ਼ਲ ਹਨ ਤੇ ਬਾਕੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਪਾਣੀ ਦੇ 20 ਸੈਂਪਲ ਫੇਲ
ਡਾ. ਸ਼ੈਲੇਸ਼ ਕੁਮਾਰ ਨੇ ਅੱਜ ਸ਼ਾਮ ਦੱਸਿਆ ਕਿ ਡਾਇਰੀਆਗ੍ਰਸਤ ਇਲਾਕਿਆਂ ’ਚ ਪਾਣੀ ਦੇ 20 ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਫੇਲ ਆਈ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਪਾਣੀ ਦੂਸ਼ਿਤ ਹੈ ਅਤੇ ਪੀਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ ਪਾਣੀ ਦੇ 15 ਹੋਰ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ ਹੈ।