ਪੰਜਾਬ ਦੇ ਸਕੂਲਾਂ ''ਚ ਹੁਣ ਬੱਚੇ ਪੜ੍ਹਨਗੇ ''ਚੀਨੀ ਭਾਸ਼ਾ''

04/25/2018 8:35:43 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਹੁਣ ਪੰਜਾਬ ਦੇ ਸਕੂਲਾਂ 'ਚ ਵਿਦਿਆਰਥੀਆਂ ਨੂੰ 'ਚੀਨੀ ਭਾਸ਼ਾ' ਪੜ੍ਹਾਈ ਜਾਵੇਗੀ। ਇਹ ਭਾਸ਼ਾ ਵਾਧੂ ਵਿਸ਼ੇ ਵਜੋਂ ਵਿਦਿਆਰਥੀ ਆਪਣੀ ਇੱਛਾ ਮੁਤਾਬਕ ਸਕੂਲਾਂ 'ਚ ਪੜ੍ਹ ਸਕਣਗੇ। ਕੈਪਟਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ 'ਚ ਚੀਨੀ ਭਾਸ਼ਾ ਦਾ ਗਿਆਨ ਵਿਸ਼ਵ ਪੱਧਰ 'ਤੇ ਕੰਮਕਾਜ ਕਰਾਉਣ 'ਚ ਸਹਾਇਕ ਹੋਵੇਗਾ। ਕੈਪਟਨ ਨੇ ਕਿਹਾ ਕਿ ਦੋਆਬਾ ਇਲਾਕੇ 'ਚ ਇਟਾਲੀਅਨ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਸਬੰਧੀ ਵੱਡੇ ਪੱਧਰ 'ਤੇ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ 'ਚ ਵਿਦਿਆਰਥੀ ਕਾਫੀ ਦਿਲਚਸਪੀ ਦਿਖਾ ਰਹੇ ਹਨ ਪਰ ਕੈਪਟਨ ਨੇ ਇਹ ਗੱਲ ਸਪੱਸ਼ਟ ਨਹੀਂ ਕੀਤੀ ਕਿ ਚੀਨੀ ਭਾਸ਼ਾ ਕਿਸ ਜਮਾਤ ਤੋਂ ਸ਼ੁਰੂ ਕੀਤੀ ਜਾਵੇਗੀ। ਮੁੱਖ ਮੰਤਰੀ ਵਲੋਂ ਇਸ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ 'ਚ ਵੀ ਕਿਹਾ ਗਿਆ ਸੀ ਕਿ ਚੀਨ ਇਕ ਮਹੱਤਵਪੂਰਨ ਦੇਸ਼ ਬਣ ਰਿਹਾ ਹੈ, ਇਸ ਲਿਹਾਜ ਨਾਲ ਚੀਨੀ ਭਾਸ਼ਾ ਵਾਧੂ ਵਿਸ਼ੇ ਦੇ ਤੌਰ 'ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੜ੍ਹਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਚੀਨ ਦਾ ਦਾਇਰਾ ਹਰ ਪਾਸੇ ਵਧ ਰਿਹਾ ਹੈ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ।


Related News