ਚਾਈਨਾ ਡੋਰ ਬਣੀ ਕਾਲ, ਡਿਊਟੀ ਤੋਂ ਪਰਤ ਰਹੇ ਪਾਵਰਕਾਮ ਦੇ ਜੇ. ਈ. ਦਾ ਗਲਾ ਵੱਢਿਆ
Monday, Feb 07, 2022 - 11:11 AM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਵਿਚ ਚਾਈਨਾ ਡੋਰ ਉਸ ਸਮੇਂ ਕਾਲ ਬਣ ਕੇ ਆਈ ਜਦੋਂ ਮੋਟਰਸਾਈਕਲ ’ਤੇ ਡਿਊਟੀ ਤੋਂ ਆਪਣੇ ਘਰ ਪਰਤ ਰਹੇ ਪਾਵਰ ਕਾਮ ਦੇ ਜੇ. ਈ. ਪਵਨ ਕੁਮਾਰ (53) ਵਾਸੀ ਕਲਿਆਣ ਡੇਰਾ ਨਾਭਾ ਰੋਡ ਪਟਿਆਲਾ ਦੇ ਗਲ ਨੂੰ ਲਿਪਟ ਗਈ ਅਤੇ ਗਲ ਵੱਢਣ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਪਵਨ ਕੁਮਾਰ 220 ਗਰਿੱਡ ਅਬਲੋਵਾਲ ਵਿਖੇ ਬਤੌਰ ਜੇ. ਈ. ਤਾਇਨਾਤ ਸਨ। ਗਰਿੱਡ ਦੇ ਸਟਾਫ ਨੇ ਦੱਸਿਆ ਕਿ ਇਹ ਹਾਦਸਾ ਅਬਲੋਵਾਲ ਪੁਲੀ ਕੋਲ ਹੋਇਆ, ਜਿਥੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਡੋਰ ਕਦੋਂ ਉਨ੍ਹਾਂ ਦੇ ਗਲ ਨੂੰ ਲਿਪਟ ਗਈ ਅਤੇ ਉਨ੍ਹਾਂ ਦਾ ਗਲ੍ਹਾ ਵੱਢਿਆ ਗਿਆ। ਪਵਨ ਕੁਮਾਰ ਨੂੰ ਜ਼ਖਮੀ ਹਾਲਤ ਵਿਚ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਉਥੋਂ ਸਰਕਾਰੀ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਵਨ ਕੁਮਾਰ ਦੇ ਪਰਿਵਾਰ ਵਿਚ ਇਕ ਲੜਕੀ ਅਤੇ ਲੜਕਾ ਹੈ। ਪਰਿਵਾਰ ਵਾਲਿਆਂ ਦਾ ਰੋਸ ਸੀ ਕਿ ਚਾਈਨਾ ਡੋਰ ਨੂੰ ਲੈ ਕੇ ਪੁਲਸ ਵੱਲੋਂ ਕੋਈ ਸਖ਼ਤੀ ਨਹੀਂ ਕੀਤੀ ਜਾ ਰਹੀ। ਸਿਰਫ ਖਾਨਾਪੂਰਤੀ ਕਰਨ ਲਈ ਇਕ ਕੇਸ ਦਰਜ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : ਧੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਵਾਪਰਿਆ ਵੱਡਾ ਹਾਦਸਾ, ਘਰ ’ਚ ਮਚ ਗਿਆ ਚੀਕ-ਚਿਹਾੜਾ
ਮ੍ਰਿਤਕ ਜੇ. ਈ. ਦੇ ਬੱਚਿਆਂ ਦਾ ਰੋਸ
ਇਸ ਮੌਕੇ ਜੇ. ਈ. ਦੇ ਬੱਚਿਆਂ ਰੋਸ ਸੀ ਕਿ ਪੁਲਸ ਦੀ ਇਸ ਖਾਨਾਪੂਰਤੀ ਤੋਂ ਬਾਅਦ ਉਨ੍ਹਾਂ ਦਾ ਪਿਤਾ ਵਾਪਸ ਨਹੀਂ ਆਵੇਗਾ। ਉਨ੍ਹਾਂ ਦਾ ਕਹਿਣਾ ਸੀ ਜਿਹੜਾ ਕੇਸ ਵੀ ਦਰਜ ਕੀਤਾ ਜਾਂਦਾ ਹੈ, ਉਸ ਦੀ ਥਾਣੇ ਵਿਚ ਜ਼ਮਾਨਤ ਹੈ ਅਤੇ ਬਾਅਦ ਵਿਚ ਪਤਾ ਵੀ ਨਹੀਂ ਲੱਗਦਾ ਕੀ ਕੇਸ ਹੋਇਆ। ਇਸ ਮਾਮਲੇ ਵਿਚ ਬਜਾਏ 188 ਆਈ. ਪੀ. ਸੀ. ਤਹਿਤ ਕੇਸ ਦਰਜ ਕਰਨ ਦੇ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਤੇਜ਼ ਤਰਾਰ ਕੁੜੀਆਂ ਨੇ ਉਂਗਲਾਂ ’ਤੇ ਨਚਾ ਕੇ ਠੱਗੇ ਕਈ ਵਿਦੇਸ਼ ਜਾਣ ਦੇ ‘ਦੀਵਾਨੇ’
ਪੁਲਸ ਦੀ ਢਿੱਲੀ ਕਾਰਵਾਈ ਦੇ ਰਹੀ ਹੈ ਮੌਤ ਨੂੰ ਸੱਦਾ
ਪੁਲਸ ਦੀ ਢਿੱਲੀ ਕਾਰਵਾਈ ਮੌਤ ਨੂੰ ਸੱਦਾ ਦੇ ਰਹੀ ਹੈ। ਜੇਕਰ ਪੁਲਸ ਵੱਲੋਂ ਸਮਾਂ ਰਹਿੰਦੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਦੁਕਾਨਦਾਰਾਂ ਦੀ ਕੀ ਮਜ਼ਾਲ ਹੈ ਕਿ ਉਹ ਚਾਈਨਾ ਡੋਰ ਵੇਚ ਦੇਣ। ਪੁਲਸ ਵੱਲੋਂ ਹਰ ਵਾਰ ਬਸੰਤ ਪੰਚਮੀ ’ਤੇ ਛਾਪਮਾਰੀ ਕੀਤੀ ਜਾਂਦੀ ਹੈ ਅਤੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਦੁਕਾਨਦਾਰ ਵੀ ਉਹੀ ਹਨ ਅਤੇ ਕਈਆਂ ਦੇ ਤਾਂ ਹਰ ਸਾਲ ਹੀ ਕੇਸ ਦਰਜ ਹੋ ਜਾਂਦਾ ਹੈ। ਪੁਲਸ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਵਪਾਰ ਨਹੀਂ ਸਗੋਂ ਲੋਕਾਂ ਦੀ ਜਾਨ ਨੂੰ ਖਤਰਾ ਹੈ। ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ ਫੇਰ ਰੌਲਾ ਪੈਂਦਾ ਹੈ ਪਰ ਦੋ ਦਿਨ ਗੁਜਰਨ ਦੇ ਬਾਅਦ ਫੇਰ ਤੋਂ ਕੋਈ ਯਾਦ ਨਹੀਂ ਰੱਖਦਾ।
ਇਹ ਵੀ ਪੜ੍ਹੋ : ਜੇ ਤੁਸੀਂ ਵੀ ਜਾ ਰਹੇ ਹੋ ਜਲੰਧਰ ਦੇ ਪਾਸਪੋਰਟ ਦਫ਼ਤਰ ਤਾਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?