ਚਾਈਨਾ ਡੋਰ ਨੇ 100 ਬੇਜ਼ੁਬਾਨਾਂ ਨੂੰ ਉਤਾਰਿਆ ਮੌਤ ਦੇ ਘਾਟ

Wednesday, Jan 17, 2018 - 07:41 AM (IST)

ਬਠਿੰਡਾ(ਆਜ਼ਾਦ)-ਲੋਹੜੀ ਤੇ ਮਕਰ ਸਕ੍ਰਾਂਤੀ 'ਤੇ ਬੱਚਿਆਂ ਅਤੇ ਨੌਜਵਾਨਾਂ ਵਿਚ ਪਤੰਗ ਉਡਾਉਣ ਦੀ ਰਵਾਇਤ ਬਹੁਤ ਹੀ ਪੁਰਾਣੀ ਹੈ। ਪਤੰਗਬਾਜ਼ੀ ਦੇ ਸ਼ੌਕੀਨ ਲੋਕਾਂ ਨੂੰ ਲੋਹੜੀ ਤੇ ਮੱਕਰ ਸਕ੍ਰਾਂਤੀ ਆਉਣ ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਹੈ ਪਰ ਪਤੰਗਬਾਜ਼ੀ ਵਿਚ ਚਾਈਨਾ ਡੋਰ ਆ ਜਾਣ ਕਾਰਨ ਪਤੰਗ ਪ੍ਰੇਮੀਆਂ ਨੂੰ ਪਤੰਗ ਉਠਾਉਣ ਤੋਂ ਪਹਿਲਾਂ ਸੌ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਚਾਈਨਾ ਡੋਰ ਨਾਲ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਬੇਜ਼ੁਬਾਨ ਪੰਛੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਇਸ ਸਾਲ ਵੀ ਪੁਲਸ ਪ੍ਰਸ਼ਾਸਨ ਦੀ ਸਖਤ ਹਦਾਇਤ ਦੇ ਬਾਵਜੂਦ ਤੇ ਸਮਾਜ ਸੇਵੀ ਸੰਸਥਾਵਾਂ ਦੀ ਅਪੀਲ ਤੋਂ ਬਾਅਦ ਵੀ ਲੋਹੜੀ ਤੇ ਮਕਰ ਸਕ੍ਰਾਂਤੀ ਦੇ ਤਿਉਹਾਰ 'ਤੇ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ 'ਚ ਚਾਈਨਾ ਡੋਰ ਵਾਲੇ ਪਤੰਗ ਉਡਾਏ, ਜਿਸ ਕਾਰਨ ਸ਼ਹਿਰ ਵਿਚ ਬੇਜ਼ੁਬਾਨ ਪੰਛੀ ਬੇਵਕਤੀ ਮੌਤ ਦੇ ਸ਼ਿਕਾਰ ਹੋ ਰਹੇ ਹਨ। ਇਕ ਅੰਦਾਜੇ ਮੁਤਾਬਕ ਸਿਰਫ ਬਠਿੰਡਾ ਸ਼ਹਿਰ 'ਚ 100 ਤੋਂ ਵੀ ਜ਼ਿਆਦਾ ਪੰਛੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਤੇ 1000 ਦੀ ਗਿਣਤੀ 'ਚ ਜ਼ਖਮੀ ਹੋਏ ਹਨ, ਜਿਸ ਵਿਚ ਕਬੂਤਰਾਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ ਚਾਈਨਾ ਡੋਰ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਇਹੀ ਹੁੰਦੇ ਹਨ।
ਚਾਈਨਾ ਡੋਰ ਦੀ ਵਰਤੋਂ ਸਜ਼ਾਯੋਗ ਅਪਰਾਧ
ਵਾਤਾਵਰਣ ਸੁਰੱਖਿਆ ਅਧਿਨਿਯਮ 1986 ਦੇ ਮਤਿਆਂ ਮੁਤਾਬਕ ਚਾਈਨਾ ਡੋਰ ਦੀ ਵਰਤੋਂ ਸਜ਼ਾਯੋਗ ਅਪਰਾਧ ਐਲਾਨਿਆ ਹੈ, ਉਥੇ ਹੀ ਹਾਈ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ 2017 ਵਿਚ ਪੂਰੇ ਦੇਸ਼ ਵਿਚ ਚਾਈਨਾ ਡੋਰ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਚਾਈਨਾ ਡੋਰ ਦੀ ਵਿਕਰੀ ਕਰਨ ਜਾਂ ਦੁਕਾਨ 'ਤੇ ਰੱਖਣ 'ਤੇ ਪੰਜ ਸਾਲ ਦੀ ਸਜ਼ਾ ਦਾ ਵੀ ਪ੍ਰਸਤਾਵ ਹੈ।
ਪਾਬੰਦੀ ਦੇ ਬਾਵਜੂਦ ਵਿਕ ਰਹੀ ਚਾਈਨਾ ਡੋਰ
ਭਾਰਤੀ ਧਾਰਾ ਅਨੁਸਾਰ ਚਾਈਨਾ ਡੋਰ ਵਿਕਰੀ ਕਰਨ ਜਾਂ ਦੁਕਾਨ 'ਤੇ ਰੱਖਣਾ ਜੁਰਮ ਮੰਨਿਆ ਗਿਆ ਹੈ। ਜੇਕਰ ਕੋਈ ਦੁਕਾਨਦਾਰ ਅਜਿਹਾ ਕਰ ਰਿਹਾ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ। ਕਾਨੂਨ ਅਨੁਸਾਰ ਉਸ ਨੂੰ ਪੰਜ ਸਾਲ ਦੀ ਸਜ਼ਾ ਦਾ ਮਤਾ ਹੈ। ਫਿਰ ਵੀ ਚਾਈਨਾ ਡੋਰ ਦੀ ਵਿਕਰੀ ਵਿਚ ਕੋਈ ਕਮੀ ਨਹੀਂ ਆ ਰਹੀ। ਅਜੇ ਤੱਕ ਕਿਸੇ ਵੀ ਦੁਕਾਨਦਾਰ 'ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਚਾਈਨਾ ਡੋਰ 'ਤੇ ਪਾਬੰਦੀ ਲਾਉਣ 'ਚ ਪ੍ਰਸ਼ਾਸਨ ਨਾਕਾਮ
ਪੁਲਸ ਪ੍ਰਸ਼ਾਸਨ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ, ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੀ ਕੋਈ ਜਾਣਕਾਰੀ ਨਹੀਂ ਹੈ। ਉਹ ਸਿਰਫ ਕੁਝ ਖਾਸ ਇਲਾਕਿਆਂ ਦੀ ਜਾਣਕਾਰੀ ਦੇ ਆਧਾਰ 'ਤੇ ਹਰ ਸਾਲ ਦਾਅਵਾ ਕਰਦਾ ਹੈ ਕਿ ਚਾਈਨਾ ਡੋਰ ਨੂੰ ਸ਼ਹਿਰ ਵਿਚ ਪਾਬੰਦੀ ਲਾ ਦਿੱਤੀ ਗਈ ਹੈ ਪਰ ਸ਼ਹਿਰ ਦੇ ਗਲੀ-ਮੁਹੱਲੇ ਵਿਚ ਬਿਜਲੀ ਦੇ ਖੰਭਿਆਂ ਵਿਚ ਫਸੀ ਚਾਈਨਾ ਡੋਰ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ।
ਕੀ ਕਹਿਣੈ ਸਮਾਜ ਸੇਵੀ ਦਾ
ਬੇਜ਼ੁਬਾਨ ਪੰਛੀਆਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਗਠਨਾਂ ਵਿਚ ਸ਼ਾਮਲ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ, ਆਨ ਸੰਗਠਨ ਪ੍ਰਧਾਨ ਰਾਕੇਸ਼ ਨਰੂਲਾ, ਜੀਵਨ ਜੋਤੀ ਵੈਲਫੇਅਰ ਸੁਸਾਇਟੀ ਕਲੱਬ ਦੇ ਪ੍ਰਧਾਨ ਸੰਦੀਪ ਅਗਰਵਾਲ, ਸ਼੍ਰੀ ਸਾਈਂ ਸੇਵਾ ਦਲ ਦੇ ਪ੍ਰਧਾਨ ਗੋਵਿੰਦ ਮਹੇਸ਼ਵਰੀ, ਸ਼੍ਰੀ ਗਣੇਸ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਆਸ਼ੀਸ਼ ਬਾਂਸਲ, ਓਮ ਸ਼ਿਵ ਜਾਗਰਣ ਸੇਵਕ ਸੰਘ ਦੇ ਪ੍ਰਧਾਨ ਪ੍ਰਵੇਸ਼ ਬਾਂਸਲ ਦਾ ਕਹਿਣਾ ਹੈ ਕਿ ਹਰ ਸਾਲ ਸੈਂਕੜਿਆਂ ਦੀ ਗਿਣਤੀ 'ਚ ਬੇਜ਼ੁਬਾਨ ਪੰਛੀ ਮਰ ਜਾਂਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿਚ ਰੈਲੀਆਂ ਕੱਢੀਆਂ ਜਾਂਦੀਆਂ ਹਨ ਤੇ ਸਕੂਲਾਂ ਵਿਚ ਨੁੱਕੜ ਨਾਟਕ ਕੀਤੇ ਜਾਂਦੇ ਹਨ। ਅਜੇ ਤੱਕ 5 ਸਕੂਲਾਂ ਵਿਚ ਜਾ ਕੇ ਜਾਗਰੂਕਤਾ ਅਭਿਆਨ ਚਲਾਇਆ ਹੈ। ਮਕਰ ਸਕ੍ਰਾਂਤੀ ਦੇ ਪਹਿਲਾਂ ਤੋਂ ਹੀ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਾਂ ਕਿ ਉਹ ਪਤੰਗ ਤਾਂ ਉਡਾਉਣ ਪਰ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ।
ਕੀ ਕਹਿਣੈ ਅਧਿਕਾਰੀਆਂ ਦਾ
ਡੀ. ਸੀ. ਦੀਪਰਵਾ ਲਾਕਰਾ, ਏ. ਡੀ. ਸੀ. ਸ਼ੇਨਾ ਅਗਰਵਾਲ ਤੇ ਐੱਸ. ਡੀ. ਐੱਮ. ਸਾਕਸ਼ੀ ਸਾਹਨੀ ਪਹਿਲਾਂ ਹੀ ਚਾਈਨਾ ਡੋਰ ਨੂੰ ਨਾ ਇਸਤੇਮਾਲ ਕਰਨ ਦੀ ਹਦਾਇਤ ਜਾਰੀ ਕਰ ਚੁੱਕੇ ਹਨ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਚਾਈਨਾ ਡੋਰ ਖਰੀਦੀ ਹੀ ਨਾ ਜਾਵੇ ਤਾਂ ਦੁਕਾਨਦਾਰ ਖੁਦ ਇਸ ਨੂੰ ਵੇਚਣਾ ਬੰਦ ਕਰ ਦੇਣਗੇ। ਕੁਝ ਲੋਕ ਪੈਸੇ ਦੇ ਲਾਲਚ ਵਿਚ ਆ ਕੇ ਇਸ ਧੰਦੇ ਨਾਲ ਜੁੜੇ ਹੋਏ ਹਨ। ਫੜੇ ਜਾਣ 'ਤੇ ਉਨ੍ਹਾਂ ਵਿਰੁੱਧ ਪੁਲਸ ਕਾਰਵਾਈ ਵੀ ਕੀਤੀ ਜਾਂਦੀ ਹੈ ਕਿਉਂਕਿ ਇਸ ਮਾਮਲੇ ਵਿਚ ਮੌਕੇ 'ਤੇ ਹੀ ਜ਼ਮਾਨਤ ਮਿਲ ਜਾਂਦੀ ਹੈ, ਜਿਸ ਦਾ ਫਾਇਦਾ ਮੁਲਜ਼ਮਾਂ ਨੂੰ ਮਿਲਦਾ ਹੈ ਅਤੇ ਉਹ ਫਿਰ ਤੋਂ ਇਸ ਧੰਦੇ ਵਿਚ ਲੱਗ ਜਾਂਦੇ ਹਨ। ਪ੍ਰਸ਼ਾਸਨ ਫਿਰ ਵੀ ਇਸ 'ਤੇ ਨਜ਼ਰ ਰੱਖ ਰਿਹਾ ਹੈ।


Related News