ਮੌਤ ਬਣ ਹਵਾ ''ਚ ਉੱਡਦੀ ਚਾਈਨਾ ਡੋਰ ਨੇ ਵੱਢੀ ਪੁਲਸ ਮੁਲਾਜ਼ਮ ਦੀ ਧੌਣ

Thursday, Jan 30, 2020 - 01:47 PM (IST)

ਮੌਤ ਬਣ ਹਵਾ ''ਚ ਉੱਡਦੀ ਚਾਈਨਾ ਡੋਰ ਨੇ ਵੱਢੀ ਪੁਲਸ ਮੁਲਾਜ਼ਮ ਦੀ ਧੌਣ

ਸਮਰਾਲਾ (ਸੰਜੇ ਗਰਗ) : ਪਾਬੰਦੀ ਦੇ ਬਾਵਜੂਦ ਸ਼ਰੇਆਮ ਮੌਤ ਬਣ ਕੇ ਹਵਾ 'ਚ ਉੱਡ ਰਹੀ ਚਾਈਨਾਂ ਡੋਰ ਨੇ ਸਮਰਾਲਾ 'ਚ ਇਕ ਪੁਲਸ ਮੁਲਾਜ਼ਮ ਦੀ ਧੌਣ ਵੱਡ ਦਿੱਤੀ ਅਤੇ ਬੁਰੀ ਤਰਾਂ ਨਾਲ ਜ਼ਖਮੀ ਹੋਏ ਇਸ ਪੁਲਸ ਮੁਲਾਜ਼ਮ ਨੂੰ ਤੁਰੰਤ ਨੇੜੇ ਦੇ ਇਕ ਸਰਜੀਕਲ ਹਸਪਤਾਲ ਵਿਖੇ ਲਿਜਾਇਆ ਗਿਆ। ਇਹ ਵੱਡਾ ਹਾਦਸਾ ਉਸ ਸਮੇਂ ਹੋਇਆ, ਜਦੋਂ ਰੇਲਵੇ ਪੁਲਸ ਦਾ ਮੁਲਾਜ਼ਮ ਹਰਜੀਤ ਸਿੰਘ ਆਪਣੀ ਐਕਟਿਵਾ 'ਤੇ ਸਥਾਨਕ ਕਮਲ ਕਲੋਨੀ ਵਿਖੇ ਆਪਣੇ ਘਰ ਨੂੰ ਜਾ ਰਿਹਾ ਸੀ। ਰਾਹ 'ਚ ਚਾਈਨਾਂ ਡੋਰ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉਸ ਦਾ ਗਲਾ ਬੁਰੀ ਤਰਾਂ ਨਾਲ ਵੱਢਿਆ ਗਿਆ।

ਆਸ-ਪਾਸ ਦੇ ਲੋਕਾਂ ਨੇ ਲਹੂ-ਲੂਹਾਨ ਹਾਲਤ 'ਚ ਉਸ ਨੂੰ ਤੁਰੰਤ ਸਮਰਾਲਾ ਸਰਜੀਕਲ ਹਸਪਤਾਲ ਪਹੁੰਚਾਇਆ, ਜਿੱਥੇ ਕਿ ਡਾਕਟਰਾਂ ਨੂੰ ਉਸ ਦੀ ਜਾਨ ਬਚਾਉਣ ਲਈ ਭਾਰੀ ਜੱਦੋ-ਜਹਿਦ ਕਰਨੀ ਪਈ। ਡਾਕਟਰਾਂ ਨੇ ਦੱਸਿਆ ਕਿ ਡੋਰ ਨੇ ਉਸ ਦੀ ਧੌਣ ਦੀ ਚਮੜੀ ਤੋਂ ਇਲਾਵਾ ਖੂਨ ਵਾਲੀਆਂ ਨਸਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਸਾਹ ਨਲੀ ਤੱਕ ਇਸ ਡੋਰ ਦਾ ਕੱਟ ਪੁੱਜਾ ਹੈ। ਇਲਾਜ ਕਰ ਰਹੇ ਡਾ. ਤੇਜਪਾਲ ਸਿੰਘ ਸਰਜਨ ਨੇ ਦੱਸਿਆ ਕਿ ਜੇਕਰ ਉਕਤ ਪੁਲਸ ਮੁਲਾਜ਼ਮ ਨੂੰ ਹਸਪਤਾਲ ਲਿਆਉਣ 'ਚ ਕੁਝ ਪਲ ਹੋਰ ਦੇਰੀ ਹੋ ਜਾਂਦੀ ਤਾਂ ਖੂਨ ਸਾਹ ਵਾਲੀ ਨਲੀ 'ਚ ਜਮਾ ਹੋਣ ਨਾਲ ਇਸ ਦੀ ਜਾਨ ਬਚਾਉਣੀ ਮੁਸ਼ਕਲ ਹੋ ਜਾਣੀ ਸੀ।

ਇਥੇ ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾ ਹੀ ਸਮਰਾਲਾ 'ਚ ਇੰਝ ਹੀ ਮੋਟਰਸਾਈਕਲ ਸਵਾਰ ਇਕ ਹੋਰ ਨੌਜਵਾਨ ਦੀ ਗਰਦਨ ਵੱਢੀ ਜਾਣ 'ਤੇ ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਕਿ ਡਾਕਟਰਾਂ ਨੂੰੇ ਉਸ ਦੀ ਜਾਨ ਬਚਾਉਣ ਲਈ ਗਲੇ ਅਤੇ ਹੱਥ 'ਤੇ 25 ਟਾਂਕੇ ਲਾਉਣੇ ਪਏ ਸਨ। ਸ਼ਹਿਰ 'ਚ ਚਾਈਨਾਂ ਡੋਰ ਕਾਰਨ ਲੋਕਾਂ ਦੀ ਜ਼ਿੰਦਗੀ ਪੂਰੀ ਤਰਾਂ ਦਾਅ 'ਤੇ ਲੱਗੀ ਹੋਈ ਹੈ, ਪਰ ਦੂਜੇ ਪਾਸੇ ਪੁਲਸ ਨੇ ਅੰਦਰਖਾਤੇ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਖੁੱਲੀ ਛੋਟ ਦੇ ਰੱਖੀ ਹੈ।


author

Babita

Content Editor

Related News