ਚਾਈਨਾ ਡੋਰ ਨੂੰ ਠੱਲ੍ਹ ਪਾਉਣ ਲਈ 18 ਵਿਸ਼ੇਸ ਪੁਲਸ ਟੀਮਾਂ ਤੇ 5 ਡਰੋਨ ਨਿਗਰਾਨ ਟੀਮਾਂ ਤਾਇਨਾਤ

01/24/2023 4:35:09 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਐੱਸ. ਐੱਸ. ਪੀ. ਸੰਗਰੂਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹਾ ਸੰਗਰੂਰ ਵਿਖੇ ਅੱਜ ਤੱਕ ਚਾਈਨਾ ਡੋਰ ਦੇ 10 ਸਪਲਾਇਰ ਗ੍ਰਿਫ਼ਤਾਰ ਕਰਕੇ 10 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 219 ਫੁੱਟ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ। ਸੁਰਿੰਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਈਨਾ ਡੋਰ ਨਾਲ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਲੈ ਕੇ ਸਪਲਾਇਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੁਹਿੰਮ ਨੂੰ ਹੋਰ ਸਫ਼ਲ ਕਰਨ ਲਈ ਤੇ ਚਾਈਨਾ ਡੋਰ ਦੇ ਸਪਲਾਇਰਾਂ ਅਤੇ ਵਰਤੋਂ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ ਵੱਖ-ਵੱਖ ਟੀਮਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ ਜਿਵੇਂ ਕਿ ਸਿਟੀ ਸੰਗਰੂਰ, ਸਿਟੀ ਸੁਨਾਮ, ਸਿਟੀ ਧੂਰੀ, ਦਿੜਬਾ ਆਦਿ ਤੇ ਭਵਾਨੀਗੜ੍ਹ ਵਿਖੇ ਨਿਗਰਾਨੀ ਲਈ ਡਰੋਨ ਸਰਵੀਲੈਂਸ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਡੋਰ ਸਪਲਾਇਰ ਜਾਂ ਪ੍ਰਯੋਗਕਰਤਾ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਬਿਨ੍ਹਾਂ ਕਿਸੇ ਦੇਰੀ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਜਨਤਾ ਨੂੰ ਵੀ ਅਪੀਲ ਹੈ ਕਿ ਚਾਈਨਾ ਡੋਰ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਵੇਚਦਾ, ਖ਼ਰੀਦਦਾ ਜਾਂ ਪ੍ਰਯੋਗ ਕਰਦਾ ਨੋਟਿਸ ਵਿੱਚ ਆਉਂਦਾ ਹੈ ਤਾਂ ਉਸਦੀ ਤੁਰੰਤ ਸੂਚਨਾ ਕੰਟਰੋਲ ਰੂਮ ਸੰਗਰੂਰ ਦੇ ਮੋਬਾਇਲ ਨੰਬਰ 80545-45100 ਅਤੇ 80545-45200 'ਤੇ ਦਿੱਤੀ ਜਾ ਸਕਦੀ ਹੈ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
 


Babita

Content Editor

Related News