ਸ਼ੈੱਲਰ ਮਾਲਕਾਂ ਦਾ ਦੋਸ਼, ਝੋਨੇ ''ਚ ਨਮੀ ਦੀ ਮਾਤਰਾ ਨੂੰ ਗਲਤ ਦੱਸ ਰਹੇ ਹਨ ਐੱਫ.ਸੀ.ਆਈ. ਦੇ ਡਿਜੀਟਲ ਮੀਟਰ

11/25/2017 9:25:16 PM

ਜਲੰਧਰ (ਖੁਰਾਣਾ)- ਸ਼ੈੱਲਰ ਮਾਲਕਾਂ ਦੇ ਸੰਗਠਨ ਪੰਜਾਬ ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਦੋਸ਼ ਲਾਇਆ ਹੈ ਕਿ ਐੱਫ. ਸੀ. ਆਈ. ਵਲੋਂ ਝੋਨੇ ਵਿਚ ਨਮੀ ਦੀ ਮਾਤਰਾ ਨੂੰ ਪਰਖਣ ਲਈ ਲਾਏ ਗਏ ਮੀਟਰ ਕਹਿਣ ਨੂੰ ਤਾਂ ਡਿਜੀਟਲ ਹਨ ਪਰ ਇਹ ਗਲਤ ਮਾਤਰਾ ਦੱਸ ਰਹੇ ਹਨ। ਐਸੋਸੀਏਸ਼ਨ ਇਸ ਸਬੰਧੀ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਰਹੀ ਹੈ  ਅਤੇ ਆਉਣ ਵਾਲੇ ਦਿਨਾਂ ਵਿਚ ਮੀਟਰਾਂ ਦੀ ਧੋਖਾਦੇਹੀ ਦੇ ਮਾਮਲੇ ਵਿਚ ਐੱਫ. ਸੀ. ਆਈ. 'ਤੇ ਕੇਸ ਦਰਜ ਕਰਵਾਇਆ ਜਾਵੇਗਾ ਅਤੇ ਮੀਟਰ ਸੀਲ ਕਰਵਾਏ ਜਾ ਸਕਦੇ ਹਨ।
ਐਸੋਸੀਏਸ਼ਨ ਦੇ ਮੁਖੀ ਰਾਕੇਸ਼ ਜੈਨ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਅੰਕੜੇ 170 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਨੂੰ ਪਾਰ ਕਰ ਰਹੇ ਹਨ ਪਰ ਸੱਚਾਈ ਇਹ ਵੀ ਹੈ ਕਿ ਇਸ ਵਾਰ ਝੋਨੇ ਵਿਚ ਨਮੀ ਦੀ ਮਾਤਰਾ 20 ਤੋਂ 25 ਫੀਸਦੀ ਦੱਸੀ ਜਾ ਰਹੀ ਹੈ ਜੋ 17 ਫੀਸਦੀ ਤਕ ਪ੍ਰਵਾਨਤ ਹੈ। ਅਜਿਹੀ ਹਾਲਤ ਵਿਚ ਹਜ਼ਾਰਾਂ ਟਨ ਪਾਣੀ ਝੋਨੇ ਦੇ ਨਾਲ ਹੀ ਮੰਡੀਆਂ ਵਿਚ ਤੁਲ ਚੁੱਕਾ ਹੈ। ਸਰਕਾਰੀ ਏਜੰਸੀਆਂ ਦੀ ਖਰੀਦ ਪਿੱਛੋਂ ਸ਼ੈਲਰ ਮਾਲਕ ਇਸ ਝੋਨੇ ਨੂੰ ਸਟੋਰ ਵੀ ਕਰ ਚੁੱਕੇ ਹਨ। ਹੁਣ ਇਸ ਝੋਨੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਚੁੱਕਾ ਹੈ। ਇਹ ਝੋਨਾ ਸ਼ੈੱਲਰ ਮਾਲਕਾਂ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਰਕਾਰ ਨੂੰ ਟੂ-ਟਾਈਮ ਸੈਟਲਮੈਂਟ ਪਾਲਿਸੀ ਦਾ ਐਲਾਨ ਕਰਨਾ ਹੋਵੇਗਾ ਕਿਉਂਕਿ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਪਾਲਿਸੀ ਫਲਾਪ ਸਾਬਤ ਹੋ ਚੁੱਕੀ ਹੈ। ਜੈਨ ਨੇ ਕਿਹਾ ਕਿ ਇਸ ਵਾਰ ਝੋਨੇ ਵਿਚ ਵਧੇਰੇ ਨਮੀ ਦਾ ਮਾਮਲਾ ਉਚ ਅਧਿਕਾਰੀਆਂ ਕੋਲ ਉਠਾਇਆ ਜਾ ਚੁੱਕਾ ਹੈ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਐੱਫ. ਸੀ. ਆਈ. ਦਾ ਸ਼ੋਸ਼ਣ ਸਭ ਹੱਦਾਂ ਪਾਰ ਕਰ ਚੁੱਕਾ ਹੈ। ਇਸ ਲਈ ਬੁੱਧੀਜੀਵੀ ਮਿੱਲਰਜ਼ ਨੂੰ ਅੱਗੇ ਆਉਣਾ ਹੋਵੇਗਾ।ਜੈਨ ਨੇ ਮਿੱਲਰਜ਼ ਨੂੰ ਅਪੀਲ ਕੀਤੀ ਕਿ  ਉਹ ਨਮੀ ਨੂੰ ਮਾਪਣ ਵਾਲੇ ਮੀਟਰਾਂ ਦੀ ਕਾਰਗੁਜ਼ਾਰੀ ਐੱਫ. ਸੀ. ਆਈ. ਦੇ ਜੀ. ਐੱਮ. ਨੂੰ ਲਿਖ ਕੇ ਜਲਦੀ ਭੇਜਣ। ਉਨ੍ਹਾਂ ਕਿਹਾ ਕਿ ਇਹ ਸਾਲ ਸ਼ੈੱਲਰ ਮਾਲਕਾਂ ਲਈ ਭਾਰੀ ਘਾਟੇ ਵਾਲਾ ਸਾਬਤ ਹੋਵੇਗਾ।


Related News