ਕੁਦਰਤ ਦਾ ਕਹਿਰ ਜਾਂ ਕੋਰੋਨਾ ਦਾ ਡਰ : ਆਪਣੇ ਹੀ ਬਜ਼ੁਰਗਾਂ ਦਾ ਸਸਕਾਰ ਕਰਨ ਤੋਂ ਡਰੇ ਬੱਚੇ

07/30/2020 6:49:44 PM

ਲੁਧਿਆਣਾ (ਖੁਰਾਣਾ) : ਹੁਣ ਇਸ ਨੂੰ ਕੁਦਰਤ ਦਾ ਕਹਿਰ ਕਹੋ ਜਾਂ ਕੋਰੋਨਾ ਦਾ ਡਰ ਕਿ ਕੋਰੋਨਾ ਮ੍ਰਿਤਕ ਬਜ਼ੁਰਗਾਂ ਦੀ ਅਰਥੀ ਨੂੰ ਉਨ੍ਹਾਂ ਦੇ ਬੱਚੇ ਨਾ ਤਾਂ ਮੋਢਾ ਦੇਣ ਲਈ ਤਿਆਰ ਹਨ ਅਤੇ ਨਾ ਹੀ ਉਨ੍ਹਾਂ ਦੀ ਚਿਖਾ ਨੂੰ ਅੱਗ ਦੇਣ ਲਈ। ਹੋਰ ਤਾਂ ਹੋਰ ਸਸਕਾਰ ਹੋਣ ਤੋਂ ਬਾਅਦ ਕਈ ਪਰਿਵਾਰ ਤਾਂ ਆਪਣੇ ਮਾਤਾ-ਪਿਤਾ ਦੀਆਂ ਅਸਥੀਆਂ ਤੱਕ ਵੀ ਸ਼ਮਸ਼ਾਨਘਾਟ ਤੋਂ ਲੈਣ ਨਹੀਂ ਆ ਰਹੇ।ਢੋਲੇਵਾਲ ਮਿਲਟਰੀ ਕੈਂਪ ਦੇ ਸਾਹਮਣੇ ਪੈਂਦੇ ਸ਼ਮਸ਼ਾਨਘਾਟ ਵਿਚ ਇਸੇ ਹੀ ਤਰ੍ਹਾਂ ਕਈ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ ਪੋਟਲੀਆਂ 'ਚ ਬੰਨ੍ਹੀਆਂ ਕੁੰਡੀ ਨਾਲ ਲਟਕ ਰਹੀਆਂ ਹਨ, ਜਿਨ੍ਹਾਂ ਨੂੰ ਆਪਣੇ-ਆਪਣੇ ਧਰਮਾਂ ਮੁਤਾਬਕ ਜਲ ਵਿਸਰਜਨ ਦੇ ਨਾਲ ਹੀ ਸ਼ਾਇਦ ਮੁਕਤੀ ਦੀ ਪ੍ਰਾਪਤੀ ਦਾ ਇੰਤਜ਼ਾਰ ਹੈ ਪਰ ਕੋਰੋਨਾ ਦੇ ਡਰੋਂ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਲੈਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਸ਼ਮਸ਼ਾਨਘਾਟ ਦੇ ਚਾਰਜੀ ਮਹਾਬ੍ਰਾਹਮਣ ਪੰਕਜ ਸ਼ਰਮਾ ਦੀ ਮੰਨੋ ਤਾਂ ਪਿਛਲੇ ਕਰੀਬ 2 ਮਹੀਨੇ ਤੋਂ ਇਥੇ ਕਰੀਬ 7-8 ਮ੍ਰਿਤਕਾਂ ਦੀਆਂ ਅਸਥੀਆਂ ਪਈਆਂ ਹੋਈਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈਣ ਤੱਕ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਸ਼ਹੀਦ ਹੋਏ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਦੇ ਪਰਿਵਾਰ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ

ਵਲੰਟੀਅਰ ਕਰ ਹਰੇ ਹਨ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ
ਇਥੇ ਸਲਾਮ ਹੈ ਵਲੰਟੀਅਰਾਂ ਦੀ ਟੀਮ ਟਰੈਫਿਕ ਮਾਰਸ਼ਲ ਮਨਦੀਪ ਕੇਸ਼ਵ, ਅਮਰਜੀਤ ਸਿੰਘ ਅਤੇ ਐਡਵੋਕੇਟ ਗੋਪਾਲ ਸਿੰਘ ਨੂੰ, ਜੋ ਬਿਨਾਂ ਕਿਸੇ ਸਵਾਰਥ ਦੇ ਸੇਵਾ ਨਿਭਾਉਂਦੇ ਹੋਏ ਕੋਰੋਨਾ ਮ੍ਰਿਤਕਾਂ ਦਾ ਪੂਰਨ ਰੀਤੀ-ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਦੀ ਟੀਮ 70 ਦੇ ਕਰੀਬ ਮ੍ਰਿਤਕਾਂ ਦਾ ਸਸਕਾਰ ਆਪਣੇ ਹੱਥਾਂ ਨਾਲ ਕਰ ਚੁੱਕੀ ਹੈ, ਜਦੋਂਕਿ ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਆਪਣੇ ਬਜ਼ੁਰਗਾਂ ਦੀ ਚਿਖਾ ਨੂੰ ਅੱਗ ਤੱਕ ਦਿਖਾਉਣ ਤੋਂ ਵੀ ਸਾਫ ਮਨ੍ਹਾ ਕਰ ਦਿੰਦੇ ਹਨ। ਇਥੋਂ ਤੱਕ ਕਿ ਸ਼ਮਸ਼ਾਨਘਾਟ ਦੇ ਮੁੱਖ ਗੇਟ ਦੇ ਬਾਹਰ ਖੜ੍ਹੇ ਉਨ੍ਹਾਂ ਦੇ ਬੱਚੇ ਘਾਹ ਦੇ ਤੁਲੇ ਨੂੰ ਵੀ ਹੱਥ ਲਗਾਉਣ ਤੋਂ ਡਰ ਰਹੇ ਹਨ, ਜਿਸ ਕਾਰਨ ਵਲੰਟੀਅਰਾਂ ਦੀ ਟੀਮ ਨੂੰ ਹੀ ਸਾਰੀ ਰਸਮ ਅਦਾ ਕਰਨੀ ਪੈ ਰਹੀ ਹੈ।

ਰਿਸ਼ਤੇਦਾਰਾਂ ਨੇ ਫੇਰਿਆ ਵਲੰਟੀਅਰਾਂ ਤੋਂ ਮੂੰਹ
ਵਲੰਟੀਅਰ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਐਡਵੋਕੇਟ ਹੈ, ਜੋ ਕਿ ਕਰਫਿਊ ਅਤੇ ਤਾਲਾਬੰਦੀ ਦੌਰਾਨ ਪਹਿਲਾਂ ਬਤੌਰ ਵਲੰਟੀਅਰ ਟਰੈਫਿਕ ਪੁਲਸ ਦੇ ਨਾਲ ਜੁਟੇ ਰਹੇ ਅਤੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਹੁਣ ਕੋਰੋਨਾ ਪਾਜ਼ੇਟਿਵ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਦੇ ਜ਼ਿਆਦਾਤਰ ਵਲੰਟੀਅਰਾਂ ਤੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਸਿਰਫ ਇਸ ਲਈ ਮੂੰਹ ਫੇਰ ਲਿਆ ਹੈ ਕਿਉਂਕਿ ਅਸੀਂ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕਰ ਰਹੇ ਹਾਂ, ਜਿਸ ਦੌਰਾਨ ਕਈ ਦੋਸਤ ਉਨ੍ਹਾਂ ਨਾਲ ਗੱਲ ਕਰਨਾ ਤਾਂ ਦੂਰ, ਹੱਥ ਤੱਕ ਮਿਲਾਉਣ ਤੋਂ ਵੀ ਡਰ ਰਹੇ ਹਨ। ਉਨ੍ਹਾਂ ਨੇ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ, ਖਾਸ ਕਰ ਕੇ ਡੀ. ਸੀ. ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦੀ ਟੀਮ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਲੰਟੀਅਰਾਂ ਦੀ ਟੀਮ ਨੂੰ ਮਨੁੱਖਤਾ ਦੀ ਇੰਨੀ ਵੱਡੀ ਸੇਵਾ ਲਈ ਚੁਣਿਆ। ਵਲੰਟੀਅਰਾਂ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਸੀ. ਪੀ. ਅਤੇ ਡੀ. ਸੀ. ਵੱਲੋਂ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਟੀਮ ਦਾ ਹਰ ਮੈਂਬਰ ਨੈਗੇਟਿਵ ਹੈ।

ਇਹ ਵੀ ਪੜ੍ਹੋ : ਪ੍ਰੀਤਮ ਸਿੰਘ ਮਰ ਗਿਆ ਜਾਂ ਜਿਊਂਦਾ, ਮੈਜਿਸਟ੍ਰੇਟ ਜਾਂਚ 'ਚ ਹੋਵੇਗਾ ਖੁਲਾਸਾ

ਆਪਣੇ ਮਾਤਾ-ਪਿਤਾ ਦਾ ਅੰਤਿਮ ਸਸਕਾਰ ਆਪ ਕਰਨ ਬੱਚੇ : ਬਿੱਟੂ ਛਾਬੜਾ
ਪੀਪਲ ਫਾਰ ਜਸਟਿਸ ਸੰਸਥਾ ਦੇ ਪੰਜਾਬ ਪ੍ਰਧਾਨ ਬਿੱਟੂ ਛਾਬੜਾ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ ਵਲੰਟੀਅਰਾਂ ਦੇ ਨਾਲ ਮਿਲ ਕੇ ਹੀ ਸਹੀ ਪੂਰੀ ਸਾਵਧਾਨੀ ਨਾਲ ਆਪਣੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਖੁਦ ਅੱਗੇ ਹੋ ਕੇ ਕਰਨ ਕਿਉਂਕਿ ਪਤਾ ਨਹੀਂ ਕਿੰਨੀਆਂ ਹੀ ਮਿੰਨਤਾਂ ਅਤੇ ਧਾਰਮਿਕ ਅਸਥਾਨਾਂ 'ਤੇ ਮੱਥੇ ਰਗੜਨ ਤੋਂ ਬਾਅਦ ਮਾਤਾ-ਪਿਤਾ ਨੇ ਆਪਣੇ ਬੱਚਿਆਂ ਨੂੰ ਰੱਬ ਤੋਂ ਮੰਗਿਆ ਹੁੰਦਾ ਹੈ।
 


Anuradha

Content Editor

Related News