ਬੱਚਾ ਬਾਲ ਭਲਾਈ ਕਮੇਟੀ ਦੇ ਨਾਈਟ ਸ਼ੈਲਟਰ ਹਾਊਸ ’ਚੋਂ ਭੱਜਿਆ, ਪੁਲਸ ਵੱਲੋਂ ਜਾਂਚ ਜਾਰੀ

07/17/2018 1:08:05 AM

ਫਤਿਹਗਡ਼੍ਹ ਸਾਹਿਬ(ਜੱਜੀ)- ਰੇਲਵੇ ਪੁਲਸ ਸਰਹਿੰਦ ਵੱਲੋਂ ਬੀਤੀ 13 ਜੁਲਾਈ ਨੂੰ  ਜ਼ਿਲਾ ਬਾਲ ਭਲਾਈ ਕਮੇਟੀ ਹਵਾਲੇ ਕੀਤਾ ਇਕ ਲਾਵਾਰਸ ਬੱਚਾ ਅਚਾਨਕ 14 ਜੁਲਾਈ ਨੂੰ ਦੁਪਹਿਰ ਲਗਭਗ ਡੇਢ ਵਜੇ ਨਾਈਟ ਸ਼ੈਲਟਰ ਹਾਊਸ ਸਰਹਿੰਦ ’ਚੋਂ ਭੱਜ ਜਾਣ ਦਾ ਸਮਾਚਾਰ ਹੈ, ਜਿਸ ਕਰ ਕੇ ਬੱਚੇ ਦੇ ਇਸ ਤਰ੍ਹਾਂ  ਨਾਈਟ ਸ਼ੈਲਟਰ ’ਚੋਂ ਭੱਜ ਜਾਣ (ਗਾਇਬ ਹੋ ਜਾਣ) ਨਾਲ ਜ਼ਿਲਾ ਬਾਲ ਭਲਾਈ ਕਮੇਟੀ ਦੀ ਕਾਰਜਸ਼ੈਲੀ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਹਾਲਾਂਕਿ ਸ਼ੈਲਟਰ ਵਿਖੇ 2-2 ਚੌਕੀਦਾਰ ਪਹਿਰਾ ਦਿੰਦੇ ਹਨ। ਉਧਰ ਥਾਣਾ ਸਰਹਿੰਦ ਦੀ ਪੁਲਸ ਬੱਚੇ ਦੀ ਭਾਲ ’ਚ ਜੁਟ ਗਈ ਹੈ। ਬੱਚੇ ਦੇ 2 ਦਿਨ ਤੋਂ ਲਾਪਤਾ ਹੋਣ ਦੇ ਬਾਵਜੂਦ ਅਜੇ ਤੱਕ ਪੁਲਸ ਨੂੰ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਕੀ ਹੈ ਮਾਮਲਾ?
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਰੇਲਵੇ ਪੁਲਸ ਨੂੰ ਰੇਲਵੇ ਸਟੇਸ਼ਨ ਸਰਹਿੰਦ ਤੋਂ ਇਕ ਨਾਬਾਲਗ ਬੱਚਾ, ਜਿਸ ਦੀ ਉਮਰ ਲਗਭਗ 12 ਸਾਲ ਸੀ, ਲਾਵਾਰਸ ਹਾਲਤ ’ਚ ਮਿਲਿਆ ਸੀ। ਬੱਚੇ ਨੇ ਆਪਣਾ ਨਾਮ ਆਕਾਸ਼ ਦੱਸਿਆ ਸੀ। ਪੁਲਸ ਵੱਲੋਂ ਕੀਤੀ ਹੋਰ ਪੁੱਛ ਪਡ਼ਤਾਲ ’ਚ ਉਸ ਬੱਚੇ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ  ਜ਼ਿਲਾ ਉਨਾਓ ਦਾ ਰਹਿਣ ਵਾਲਾ ਹੈ। ਉਹ ਪਿੰਡ ਤੋਂ ਰੇਲ ਗੱਡੀ ਰਾਹੀਂ ਆਪਣੇ ਭਰਾ, ਜੋ ਕਿ ਦਿੱਲੀ ਵਿਖੇ ਰਹਿੰਦਾ ਹੈ, ਨੂੰ ਮਿਲਣ ਲਈ ਆਇਆ ਸੀ। ਰੇਲਵੇ ਪੁਲਸ ਦੀ ਇਕ ਟੀਮ ਬੱਚੇ ਨੂੰ ਦਿੱਲੀ ਲੈ ਕੇ ਗਈ, ਪਰ ਆਕਾਸ਼ ਦਾ ਭਰਾ ਉੱਥੇ ਨਹੀਂ ਮਿਲਿਆ। ਪੁਲਸ ਵਾਪਸ ਉਸ ਨੂੰ ਸਰਹਿੰਦ ਵਿਖੇ ਲੈ ਆਈ। ਪੁਲਸ ਨੇ 13 ਜੁਲਾਈ ਨੂੰ ਇਹ ਲਾਵਾਰਸ ਬੱਚਾ  ਜ਼ਿਲਾ ਬਾਲ ਭਲਾਈ ਕਮੇਟੀ ਨੂੰ ਸੌਂਪ ਦਿੱਤਾ ਸੀ ਪਰ ਬੱਚਾ ਅਚਾਨਕ ਨਾਈਟ ਸ਼ੈਲਟਰ ’ਚੋਂ ਲਾਪਤਾ ਹੋ ਗਿਆ। 
 ਕੀ ਕਹਿੰਦੇ ਹਨ ਏ. ਐੱਸ. ਪੀ.
 ਇਸ ਸਬੰਧੀ ਏ. ਐੱਸ. ਪੀ. ਰਵਜੋਤ ਕੌਰ ਗਰੇਵਾਲ ਨਾਲ ਗੱਲ ਕਰਨ ’ਤੇ ਉਨ੍ਹਾਂ  ਦੱਸਿਆ ਕਿ ਜ਼ਿਲਾ ਬਾਲ ਭਲਾਈ ਕਮੇਟੀ ਵਾਲਿਅਾਂ ਨੂੰ ਇਸ ਸਬੰਧੀ ਬੁਲਾਇਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਸ ’ਚ ਕਿਸੇ ਦੀ ਅਣਗਹਿਲੀ ਸਾਹਮਣੇ ਆਈ ਤਾਂ ਉਹ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਸਰਹਿੰਦ ਪੁਲਸ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।


Related News