ਬਠਿੰਡਾ: 8 ਸਾਲਾ ਮਾਸੂਮ ਨਾਲ ਬਲਾਤਕਾਰ ਹੋਣ ਦੇ ਮਾਮਲੇ ''ਚ ਪਰਿਵਾਰ ਵੱਲੋਂ ਹਾਈਵੇਅ ਜਾਮ (ਵੀਡੀਓ)
Thursday, Jun 28, 2018 - 07:18 PM (IST)
ਬਠਿੰਡਾ (ਅਮਿਤ, ਬਲਵਿੰਦਰ) — ਬਠਿੰਡਾ ਵਿਖੇ ਬੀਤੀ ਸ਼ਾਮ 8 ਸਾਲਾ ਬੱਚੀ ਨਾਲ ਬਲਾਤਕਾਰ ਹੋਣ ਨੂੰ ਲੈ ਕੇ ਅੱਜ ਪਰਿਵਾਰ ਵੱਲੋਂ ਬਠਿੰਡਾ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਬੱਚੀ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੇ ਦੋਸ਼ੀ ਨੂੰ ਜਲਦ ਗ੍ਰਿ੍ਰਫਤਾਰ ਕਰਨ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਬੱਚੀ ਬੀਤੀ ਸ਼ਾਮ ਇਕ ਸੁੰਨਸਾਨ ਜਗ੍ਹਾ 'ਤੇ ਬੇਹੋਸ਼ੀ ਦੀ ਹਾਲਤ 'ਚ ਪਾਈ ਗਈ ਸੀ, ਜਿਸ ਨੂੰ ਉਥੋਂ ਲੰਘ ਰਹੇ ਲੋਕਾਂ ਵੱਲੋਂ ਇਕ ਲੇਡੀ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਬਲਾਤਕਾਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਬੱਚੀ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਦਰਜਨ ਭਰ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਇਕੱਤਰ ਹੋ ਕੇ ਭਾਈ ਘਨ੍ਹੱਈਆ ਚੌਕ, ਜੀ. ਟੀ. ਰੋਡ 'ਤੇ ਧਰਨਾ ਦਿੱਤਾ। ਉਥੇ ਹੀ ਪੁਲਸ ਨੇ ਧਾਰਾ 376 ਦੇ ਤਹਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੌਕੇ 'ਤੇ ਪਹੁੰਚੇ ਐੱਸ. ਪੀ. ਗੁਰਮੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਪਾਰਟੀ ਸਰਗਰਮੀ ਨਾਲ ਮੁਲਜ਼ਮ ਦੀ ਭਾਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਹ ਘਟਨਾ ਵਾਪਰੀ ਹੈ, ਉਥੇ ਆਸਪਾਸ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਵੀ ਉਕਤ ਬੱਚੀ ਨਾਲ ਕਿਸੇ ਹੋਰ ਨੂੰ ਦੇਖਿਆ ਹੋਵੇ। ਉਮੀਦ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨ ਹੀ ਕੈਪਟਨ ਸਰਕਾਰ ਵੱਲੋਂ 12 ਸਾਲਾ ਤੋਂ ਘੱਟ ਉਮਰ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਦੇ ਮਾਮਲਿਆਂ 'ਚ ਮੌਤ ਦੀ ਸਜ਼ਾ ਸੁਣਾਉਣ ਦੇ ਹੁਕਮ ਦਿੱਤੇ ਗਏ ਹਨ, ਉਥੇ ਹੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੀ ਬਠਿੰਡਾ 'ਚ ਬੱਚੀ ਨਾਲ ਰੇਪ ਹੋਣ ਦੀ ਘਟਨਾ ਵਾਪਰ ਗਈ।
