ਪਟਿਆਲਾ ਵਿਚ ਬਾਲ ਮਜ਼ਦੂਰੀ ਖ਼ਿਲਾਫ ਸਫਲ ਛਾਪੇਮਾਰੀ : ਡਾ. ਬਲਜੀਤ ਕੌਰ

Friday, Jun 09, 2023 - 03:49 PM (IST)

ਪਟਿਆਲਾ ਵਿਚ ਬਾਲ ਮਜ਼ਦੂਰੀ ਖ਼ਿਲਾਫ ਸਫਲ ਛਾਪੇਮਾਰੀ : ਡਾ. ਬਲਜੀਤ ਕੌਰ

ਚੰਡੀਗੜ੍ਹ/ਪਟਿਆਲਾ : ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਾਲ ਮਜ਼ਦੂਰੀ ਵਿਰੁੱਧ ਕਾਰਵਾਈ ਮਹੀਨੇ ਦੇ ਹਿੱਸੇ ਵਜੋਂ ਪਟਿਆਲਾ ਵਿਚ ਕੀਤੀ ਗਈ ਸਫ਼ਲ ਛਾਪੇਮਾਰੀ ਅਤੇ ਬਚਪਨ ਬਚਾਓ ਅੰਦੋਲਨ (ਬੀਬੀਏ) ਦੇ ਸਹਿਯੋਗ ਨਾਲ ਕੀਤੀ ਗਈ ਛਾਪੇਮਾਰੀ ਦੇ ਨਤੀਜੇ ਵਜੋਂ ਵੱਖ-ਵੱਖ ਖੇਤਰਾਂ ਤੋਂ 19 ਬੱਚਿਆਂ ਨੂੰ ਬਚਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਚਾਏ ਗਏ 19 ਬੱਚਿਆਂ ਵਿਚੋਂ 9 ਦੀ ਉਮਰ 14 ਸਾਲ ਤੋਂ ਘੱਟ ਸੀ, ਜਦਕਿ ਬਾਕੀ 9 ਕਿਸ਼ੋਰ ਸਨ। ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੂਰੀ ਤਰ੍ਹਾਂ ਤਸਦੀਕ ਕਰਨ ਤੋਂ ਬਾਅਦ, ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕਾਨੂੰਨੀ ਕਾਰਵਾਈਆਂ ਅਤੇ ਮੁੜ ਵਸੇਬੇ ਦੇ ਉਪਾਅ ਸ਼ੁਰੂ ਕੀਤੇ ਜਾਣਗੇ।

ਮੰਤਰੀ ਨੇ ਅੱਗੇ ਦੱਸਿਆ ਕਿ ਆਪਰੇਸ਼ਨ ਦੌਰਾਨ ਮੋਟਰ ਰਿਪੇਅਰ ਦੀ ਦੁਕਾਨ ਤੋਂ ਬਚਾਏ ਗਏ 14 ਸਾਲਾ ਬੱਚੇ ਨੇ ਮਕੈਨੀਕਲ ਇੰਜੀਨੀਅਰ ਬਣਨ ਦੀ ਤੀਬਰ ਇੱਛਾ ਪ੍ਰਗਟਾਈ। ਉਸ ਦੀਆਂ ਇੱਛਾਵਾਂ ਨੂੰ ਪਛਾਣਦੇ ਹੋਏ, ਅਸੀਂ ਗੈਰ ਸਰਕਾਰੀ ਸੰਗਠਨ ਮਨੁੱਖੀ ਅਧਿਕਾਰ ਮਿਸ਼ਨ ਨਾਲ ਭਾਈਵਾਲੀ ਕੀਤੀ ਹੈ, ਜਿਸ ਨੇ ਉਸ ਦੀ ਸਿੱਖਿਆ ਨੂੰ ਸਪਾਂਸਰ ਕਰਨ ਲਈ ਸਹਿਮਤੀ ਦਿੱਤੀ ਹੈ। ਡਾ. ਬਲਜੀਤ ਕੌਰ ਨੇ ਬਚਪਨ ਬਚਾਓ ਅੰਦੋਲਨ ਦਾ ਇਸ ਉਪਰਾਲੇ ਦੌਰਾਨ ਭਰਪੂਰ ਸਹਿਯੋਗ ਅਤੇ ਸਮੱਰਥਨ ਲਈ ਧੰਨਵਾਦ ਕੀਤਾ।

ਮੰਤਰੀ ਨੇ ਅੱਗੇ ਕਿਹਾ ਕਿ ਬਾਲ ਮਜ਼ਦੂਰੀ ਬੱਚਿਆਂ ਦੇ ਅਧਿਕਾਰਾਂ ਅਤੇ ਸਨਮਾਨ ਦੀ ਘੋਰ ਉਲੰਘਣਾ ਹੈ ਅਤੇ ਸਾਡੀ ਸਰਕਾਰ ਇਸ ਮੁੱਦੇ ਨੂੰ ਸਾਡੇ ਸਮਾਜ ਵਿੱਚੋਂ ਖ਼ਤਮ ਕਰਨ ਲਈ ਵਚਨਬੱਧ ਹੈ। ਅਸੀਂ ਅਧਿਕਾਰਾਂ ਦੀ ਰੱਖਿਆ ਅਤੇ ਰਾਜ ਭਰ ਵਿੱਚ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗੇ।


author

Gurminder Singh

Content Editor

Related News