2 ਦੁਕਾਨਦਾਰਾਂ ਦੇ ਬਾਲ ਮਜ਼ਦੂਰੀ ਕਰਵਾਉਣ ਲਈ ਕੀਤੇ ਚਲਾਨ

Friday, Jun 15, 2018 - 06:23 AM (IST)

2 ਦੁਕਾਨਦਾਰਾਂ ਦੇ ਬਾਲ ਮਜ਼ਦੂਰੀ ਕਰਵਾਉਣ ਲਈ ਕੀਤੇ ਚਲਾਨ

ਫ਼ਤਿਹਗੜ੍ਹ ਸਾਹਿਬ,   (ਟਿਵਾਣਾ)-  ਬਾਲ ਸੁਰੱਖਿਆ ਯੂਨਿਟ ਵੱਲੋਂ ਜ਼ਿਲੇ ਦੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ ਜਿਸ ਦੇ ਕਾਰਨ ਜ਼ਿਲੇ 'ਚੋਂ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਦੇ ਖਾਤਮੇ ਲਈ ਜ਼ਿਲਾ ਪੱਧਰੀ ਟਾਸਕ ਫੋਰਸ ਗਠਿਤ ਕੀਤੀ ਗਈ ਹੈ। ਇਹ ਟੀਮ ਸਮੇਂ-ਸਮੇਂ 'ਤੇ ਵੱਖ-ਵੱਖ ਸਥਾਨਾਂ 'ਤੇ ਅਚਨਚੇਤ ਚੈਕਿੰਗ ਕਰ ਕੇ ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਦੇ ਖਾਤਮੇ 'ਚ ਯੋਗਦਾਨ ਪਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਬਾਲ ਮਜ਼ਦੂਰੀ ਸਪਤਾਹ ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਜ਼ਦੂਰੀ ਤੋਂ ਹਟਾ ਕੇ ਸਿੱਖਿਆ ਨਾਲ ਜੋੜਨਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਉਂਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਬਾਲ ਮਜ਼ਦੂਰੀ ਤੇ ਬਾਲ ਭਿੱਖਿਆ ਨੂੰ ਰੋਕਣ ਲਈ ਗਠਿਤ ਕੀਤੀ ਗਈ ਜ਼ਿਲਾ ਪੱਧਰੀ ਟਾਸਕ ਫੋਰਸ ਨੇ ਅਮਲੋਹ ਬਲਾਕ ਦੇ ਮੰਡੀ ਗੋਬਿੰਦਗੜ੍ਹ ਵਿਖੇ ਅਚਨਚੇਤ ਚੈਕਿੰਗ ਕੀਤੀ। ਟੀਮ ਵੱਲੋਂ ਅਮਲੋਹ ਰੋਡ 'ਤੇ ਪੈਂਦੀਆਂ ਦੁਕਾਨਾਂ 'ਤੇ ਕੰਮ ਕਰਨ ਵਾਲੇ ਬੱਚਿਆਂ ਦੀ ਜਾਂਚ ਕੀਤੀ ਗਈ। ਇਸ ਚੈਕਿੰਗ ਦੌਰਾਨ ਦੋ ਬੱਚੇ ਦੁਕਾਨਾਂ 'ਤੇ ਕੰਮ ਕਰਦੇ ਹੋਏ ਮਿਲੇ ਜਿਨ੍ਹਾਂ ਨੂੰ ਬਾਲ ਭਲਾਈ ਕਮੇਟੀ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ। ਇਸ ਸਬੰਧੀ ਕਿਰਤ ਅਫਸਰ ਰਾਮ ਸਿੰਘ ਤੇ ਪਵਨੀਤ ਕੌਰ ਨੇ ਦੋ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ। ਇਸ ਮੌਕੇ ਪੁਲਸ ਵਿਭਾਗ ਦੇ ਨੁਮਾਇੰਦੇ, ਸੀ. ਡੀ. ਪੀ. ਓ. ਅਨੀਤਾ ਰਾਣੀ, ਹਰਪ੍ਰੀਤ ਕੌਰ ਸੋਸ਼ਲ ਵਰਕਰ, ਆਊਟਰੀਚ ਵਰਕਰ ਹਰਦੀਪ ਕੌਰ, ਸਿੱਖਿਆ ਵਿਭਾਗ ਦੇ ਨੁਮਾਇੰਦੇ ਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।


Related News