4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਨਵਾਂ ਮੋੜ, ਮਾਂ ਦੇ ਆਸ਼ਿਕ ਨੇ ਇਸ ਵਜ੍ਹਾ ਕਰਕੇ ਕੀਤੀ ਸੀ ਇਹ ਹਰਕਤ

Thursday, Aug 03, 2017 - 07:06 PM (IST)

4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਨਵਾਂ ਮੋੜ, ਮਾਂ ਦੇ ਆਸ਼ਿਕ ਨੇ ਇਸ ਵਜ੍ਹਾ ਕਰਕੇ ਕੀਤੀ ਸੀ ਇਹ ਹਰਕਤ

ਜਲੰਧਰ— ਬੀਤੇ ਦਿਨੀਂ 4 ਸਾਲਾ ਵੰਸ਼ ਨਾਂ ਦੇ ਬੱਚੇ ਨੂੰ ਅਗਵਾ ਕੀਤੇ ਗਏ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਬੱਚੇ ਨੂੰ ਅਗਵਾ ਕਰਨ ਦੇ ਪਿੱਛੇ ਕੋਈ ਹੋਰ ਨਹੀਂ ਸਗੋਂ ਉਸ ਦੀ ਮਾਂ ਦੇ ਆਸ਼ਿਕ ਦਾ ਹੱਥ ਸੀ। ਦੱਸਿਆ ਜਾ ਰਿਹਾ ਹੈ ਕਿ ਵਿਜੇ ਉਰਫ ਬੰਟੀ ਨਾਂ ਦੇ ਵਿਅਕਤੀ ਦੀ ਵੰਸ਼ ਦੀ ਮਾਂ ਨਾਲ ਕਾਫੀ ਨਜ਼ਦੀਕੀ ਸੀ। ਬੰਟੀ ਉਨ੍ਹਾਂ ਦੇ ਘਰ ਵੀ ਆਉਂਦਾ-ਜਾਂਦਾ ਰਹਿੰਦਾ ਸੀ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੰਟੀ ਅਤੇ ਵੰਸ਼ ਦੀ ਮਾਂ ਦੇ ਵਿੱਚ ਥੋੜ੍ਹੇ ਦਿਨਾਂ ਤੋਂ ਅਨਬਨ ਚੱਲ ਰਹੀ ਸੀ, ਜਿਸ ਕਾਰਨ ਬੰਟੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 
ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਗਾਂਧੀ ਕੈਂਪ ਤੋਂ ਸ਼ੱਕੀ ਹਾਲਾਤ 'ਚ ਵੰਸ਼ ਗਾਇਬ ਹੋ ਗਿਆ ਸੀ। ਏ. ਡੀ. ਸੀ. ਪੀ. ਸਿਟੀ-1 ਕੁਲਵੰਤ ਸਿੰਘ ਹੀਰ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੀ ਤਲਾਸ਼ ਦੀ ਜ਼ਿੰਮੇਵਾਰੀ ਐੱਸ. ਐੱਚ. ਓ. ਨਵਦੀਪ ਸਿੰਘ, ਏ. ਐੱਸ. ਆਈ. ਰਾਕੇਸ਼ ਕੁਮਾਰ ਅਤੇ ਜਗਦੀਸ਼ ਕੁਮਾਰ ਦੀ ਟੀਮ ਨੂੰ ਦਿੱਤੀ ਗਈ ਸੀ। ਪੁਲਸ ਵੱਲੋਂ ਸਾਰੇ ਪਾਸੇ ਤਲਾਸ਼ ਕੀਤੀ ਗਈ ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ। ਬੱਚੇ ਦੀ ਤਸਵੀਰ ਨੂੰ ਵਟਸਐਪ 'ਤੇ ਵਾਇਰਲ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੀ ਭਾਲ ਹੋ ਸਕੀ ਅਤੇ ਬੱਚਾ ਨਕੋਦਰ ਦੇ ਗੌਹੀਰਾਂ 'ਚ ਪੀਰ ਦਰਗਾਹ ਦੇ ਕੋਲ ਬਰਾਮਦ ਕੀਤਾ ਗਿਆ।

ਪੁਲਸ ਵੱਲੋਂ ਬੱਚੇ ਨੂੰ ਮਾਂ ਨੂੰ ਸੌਂਪਣ 'ਤੇ ਉਸ ਨੇ ਰੌਣਾ ਸ਼ੁਰੂ ਕਰ ਦਿੱਤਾ ਅਤੇ ਬੱਚੇ ਨੇ ਮਾਂ ਦੇ ਕੋਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਪੁਲਸ ਨੂੰ ਸ਼ੱਕ ਹੋਣ 'ਤੇ ਇਸ ਦੀ ਜਾਂਚ ਫਿਰ ਤੋਂ ਕੀਤੀ ਗਈ। ਇਸ ਦੌਰਾਨ ਵਿਜੇ ਕੁਮਾਰ ਉਰਫ ਬੰਟੀ ਦੀ ਲੋਕਸ਼ਨ ਗੌਹੀਰਾਂ ਪਾਈ ਗਈ। ਬੰਟੀ ਨੂੰ ਕਾਬੂ ਕਰਕੇ ਜਦੋਂ ਪੁਲਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਅਤੇ ਬੱਚੇ ਦੀ ਮਾਂ ਦੇ ਵਿੱਚ ਨਾਜਾਇਜ਼ ਸੰਬੰਧ ਹਨ। ਉਹ ਹਮੇਸ਼ਾ ਬੱਚੇ ਦੇ ਪਿਤਾ ਦੀ ਗੈਰ-ਮੌਜੂਦਗੀ 'ਚ ਉਸ ਦੇ ਘਰ ਆਉਂਦਾ-ਜਾਂਦਾ ਸੀ। ਬੰਟੀ ਨੇ ਦੱਸਿਆ ਕਿ ਉਸ ਦੇ ਅਤੇ ਬੱਚੇ ਦੀ ਮਾਂ 'ਚ ਕੁਝ ਦਿਨਾਂ ਤੋਂ ਅਨਬਨ ਚੱਲ ਰਹੀ ਸੀ, ਜਿਸ ਦੇ ਕਾਰਨ ਗੁੱਸੇ 'ਚ ਆ ਕੇ ਉਸ ਨੇ ਬੱਚੇ ਦੀ ਮਾਂ ਨੂੰ ਸਬਕ ਸਿਖਾਉਣ ਲਈ ਇਹ ਕਦਮ ਚੁੱਕਿਆ। ਉਥੇ ਹੀ ਦੂਜੇ ਪਾਸੇ ਬੰਟੀ ਦੇ ਪਰਿਵਾਰ ਵੱਲੋਂ ਬੱਚੇ ਦੀ ਮਾਂ 'ਤੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਮਾਂ ਸਭ ਜਾਣਦੀ ਸੀ ਪਰ ਪੁਲਸ ਨੇ ਉਸ ਨੂੰ ਛੱਡ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੰਟੀ ਨੂੰ ਫਸਾਇਆ ਗਿਆ ਹੈ। ਉਨ੍ਹਾਂ ਨੇ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।


Related News