ਪੰਜਾਬ ''ਚ ਸਕੂਲੀ ਬੱਚਿਆਂ ਦੇ ਅਗਵਾ ਦੀ ਸੂਚਨਾ ਕਾਰਨ ਮਚਿਆ ਹੜਕੰਪ, ਮਾਪਿਆਂ ''ਚ ਖੌਫ

Thursday, Aug 08, 2019 - 02:08 PM (IST)

ਪੰਜਾਬ ''ਚ ਸਕੂਲੀ ਬੱਚਿਆਂ ਦੇ ਅਗਵਾ ਦੀ ਸੂਚਨਾ ਕਾਰਨ ਮਚਿਆ ਹੜਕੰਪ, ਮਾਪਿਆਂ ''ਚ ਖੌਫ

ਜਲੰਧਰ (ਸੁਧੀਰ)— ਪੰਜਾਬ 'ਚ ਮਾਸੂਮ ਬੱਚਿਆਂ ਦੇ ਅਗਵਾ ਕਰਨ ਦੀਆਂ ਲਗਾਤਾਰ ਵਾਰਦਾਤਾਂ ਅਤੇ ਸੋਸ਼ਲ ਮੀਡੀਆ 'ਤੇ ਆ ਰਹੀਆਂ ਵੀਡੀਓਜ਼ ਤੋਂ ਬਾਅਦ ਪੂਰੇ ਪੰਜਾਬ 'ਚ ਹੜਕੰਪ ਮਚਿਆ ਹੋਇਆ ਹੈ, ਜਿਸ ਕਾਰਨ ਮਾਸੂਮ ਬੱਚਿਆਂ ਦੇ ਪਰਿਵਾਰ ਵਾਲੇ ਸਹਿਮੇ ਹੋਏ ਹਨ। ਉਥੇ ਦੂਜੇ ਪਾਸੇ ਸ਼ਹਿਰ 'ਚ ਮਾਸੂਮ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਮਨ 'ਚੋਂ ਖੌਫ ਕੱਢਣ ਤੇ ਸ਼ੱਕੀ ਲੋਕਾਂ ਤੇ ਮੁਲਜ਼ਮਾਂ 'ਤੇ ਨਕੇਲ ਕੱਸਣ ਲਈ ਕਮਿਸ਼ਨਰੇਟ ਪੁਲਸ ਨੇ ਵੀ ਕਮਰ ਕੱਸ ਲਈ ਹੈ। ਪੁਲਸ ਕਮਿਸ਼ਨਰ ਦਾ ਐਡੀਸ਼ਨਲ ਚਾਰਜ ਸੰਭਾਲਦਿਆਂ ਆਈ. ਜੀ. ਜਸਕਰਨ ਸਿੰਘ ਨੇ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਸ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੁਲਸ ਅਧਿਕਾਰੀਆਂ ਨੂੰ ਸਕੂਲਾਂ ਦੇ ਬਾਹਰ ਸੁਰੱਖਿਆ ਵਧਾਉਣ ਅਤੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਸ਼ਹਿਰ 'ਚ ਚੌਕਸੀ ਵਧਾਉਣ ਅਤੇ ਨਾਕਾਬੰਦੀ ਕਰਨ ਦੇ ਨਾਲ ਸ਼ੱਕੀ ਲੋਕਾਂ ਅਤੇ ਮੁਲਜ਼ਮਾਂ 'ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਲਈ ਕਮਿਸ਼ਨਰੇਟ ਪੁਲਸ ਦੇ ਜ਼ਿਆਦਾਤਰ ਅਧਿਕਾਰੀਆਂ ਨੂੰ ਨਾਈਟ ਡੌਮੀਨੇਸ਼ਨ ਕਰਨ ਦੇ ਨਾਲ-ਨਾਲ ਰਾਤ ਨੂੰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉਥੇ ਦੂਜੇ ਪਾਸੇ ਪੁਲਸ ਕਮਿਸ਼ਨਰੇਟ ਦੇ ਹੁਕਮਾਂ ਮੁਤਾਬਕ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਪੁਲਸ ਫੋਰਸ ਸਮੇਤ ਸ਼ਹਿਰ ਦੇ ਕਈ ਸਕੂਲਾਂ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨਾਲ ਮਾਸੂਮ ਬੱਚਿਆਂ ਦੀ ਸੁਰੱਖਿਆ ਲਈ ਮੀਟਿੰਗ ਕੀਤੀ।

ਸਕੂਲਾਂ ਦੇ ਬਾਹਰ ਹੋਵੇਗੀ ਪੀ. ਸੀ. ਆਰ. ਦੀ ਪੈਟਰੋਲਿੰਗ ਤੇ ਪੁਲਸ ਫੋਰਸ ਤਾਇਨਾਤ : ਭੰਡਾਲ
ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਕਈ ਸਕੂਲਾਂ ਦੇ ਬਾਹਰ ਪੀ. ਸੀ. ਆਰ. ਦਸਤਿਆਂ ਨੂੰ ਪੈਟਰੋਲਿੰਗ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲਾਂ ਦੇ ਬਾਹਰ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਦੇ ਬਾਹਰ ਜੂਲੋ ਗੱਡੀਆਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਭੰਡਾਲ ਨੇ ਦੱਸਿਆ ਕਿ ਛੁੱਟੀ ਦੇ ਸਮੇਂ ਏਰੀਆ ਵਾਈਜ਼ ਥਾਣਾ ਮੁਖੀਆਂ ਨੂੰ ਖੁਦ ਸਕੂਲਾਂ ਦੇ ਬਾਹਰ ਪੁਲਸ ਫੋਰਸ ਸਮੇਤ ਤਾਇਨਾਤ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਤਾ-ਪਿਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕਿਸੇ ਵੀ ਅਫਵਾਹ ਵਿਚ ਨਾ ਆਉਣ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ 'ਚ ਦੇਣ।

PunjabKesari

ਸਕੂਲ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ, ਛੋਟੇ ਬੱਚਿਆਂ ਨੂੰ ਕਲਾਸ ਮੁਤਾਬਕ ਕੱਢੋ ਬਾਹਰ
ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਸੂਮ ਬੱਚਿਆਂ ਦੀ ਸੁਰੱਖਿਆ ਲਈ ਬੀਤੇ ਦਿਨ ਕਮਿਸ਼ਨਰ ਪੁਲਸ ਨੇ ਸ਼ਹਿਰ ਦੇ ਕਈ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਛੁੱਟੀ ਦੇ ਸਮੇਂ ਮਾਸੂਮ ਤੇ ਛੋਟੇ ਬੱਚਿਆਂ ਨੂੰ ਕਲਾਸ ਮੁਤਾਬਕ ਸਟਾਫ ਦੀ ਅਗਵਾਈ 'ਚ ਬਾਹਰ ਕੱਢਿਆ ਜਾਵੇ। ਇਸ ਦੇ ਨਾਲ ਹੀ ਸਕੂਲਾਂ 'ਚ ਸਟਾਫ ਦੇ ਨਾਲ ਸਪੋਰਟਸ ਟੀਮਾਂ ਦੀ ਅਗਵਾਈ 'ਚ ਮਾਸੂਮ ਬੱਚਿਆਂ ਨੂੰ ਛੁੱਟੀ ਦੇ ਸਮੇਂ ਬੱਸਾਂ 'ਚ ਬਿਠਾਉਣ ਦੀ ਡਿਊਟੀ ਲਗਾਈ ਹੈ।

ਓਵਰਲੋਡ ਆਟੋਜ਼ ਅਤੇ ਬੱਸਾਂ 'ਚ ਨਾ ਭੇਜਣ ਦੀ ਕੀਤੀ ਅਪੀਲ
ਏ. ਡੀ. ਸੀ. ਪੀ. ਭੰਡਾਲ ਨੇ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਓਵਰਲੋਡ ਆਟੋਜ਼ ਅਤੇ ਬੱਸਾਂ 'ਚ ਸਕੂਲ ਨਾ ਭੇਜੋ। ਉਨ੍ਹਾਂ ਨੇ ਇਸ ਦੇ ਨਾਲ ਹੀ ਸਕੂਲ ਪ੍ਰਬੰਧਕਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਓਵਰਲੋਡ ਆਟੋਜ਼ ਅਤੇ ਬੱਸਾਂ 'ਚ ਬੱਚਿਆਂ ਨੂੰ ਨਾ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਕੁਝ ਆਟੋਜ਼ ਅਤੇ ਬੱਸ ਚਾਲਕ ਆਪਣੀ ਕਮਾਈ ਦੀ ਖਾਤਿਰ ਮਾਸੂਮ ਬੱਚਿਆਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਸਕਦੇ ਹਨ। ਇਸ ਕਾਰਨ ਵੀ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਹੈ ਕਿ ਓਵਰਲੋਡ ਬੱਸਾਂ ਅਤੇ ਆਟੋਜ਼ 'ਚ ਬੱਚਿਆਂ ਨੂੰ ਨਾ ਭੇਜਿਆ ਜਾਵੇ।

ਸਕੂਲ ਦੇ ਸਕਿਓਰਿਟੀ ਗਾਰਡਜ਼ ਦੇ ਹੱਥ 'ਚ ਟ੍ਰੈਫਿਕ ਬੈਟਨ ਫੜਾਉਣ ਦੇ ਵੀ ਦਿੱਤੇ ਨਿਰਦੇਸ਼
ਕਮਿਸ਼ਨਰੇਟ ਪੁਲਸ ਨੇ ਸਕੂਲ ਦੇ ਬਾਹਰ ਖੜ੍ਹੇ ਸਕਿਓਰਿਟੀ ਗਾਰਡਜ਼ ਦੇ ਹੱਥਾਂ 'ਚ ਸਕੂਲ ਪ੍ਰਬੰਧਕਾਂ ਨੂੰ ਟ੍ਰੈਫਿਕ ਬੈਟਨ ਫੜਾਉਣ ਦੇ ਹੁਕਮ ਜਾਰੀ ਕੀਤੇ ਹਨ। ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਆਮ ਤੌਰ 'ਤੇ ਛੁੱਟੀ ਦੇ ਸਮੇਂ ਮਾਤਾ-ਪਿਤਾ ਬੱਚਿਆਂ ਨੂੰ ਸਕੂਲ ਤੋਂ ਲਿਆਉਣ ਲਈ ਵਾਹਨਾਂ 'ਤੇ ਪਹੁੰਚਦੇ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਕਿਓਰਿਟੀ ਗਾਰਡਜ਼ ਦੇ ਹੱਥ 'ਚ ਟ੍ਰੈਫਿਕ ਬੈਟਨ ਹੋਵੇ ਤਾਂ ਉਹ ਟ੍ਰੈਫਿਕ ਵਿਵਸਥਾ ਨੂੰ ਇਕ ਪਾਸਿਓਂ ਰੋਕ ਕੇ ਛੋਟੇ ਬੱਚਿਆਂ ਨੂੰ ਬੱਸਾਂ 'ਚ ਆਰਾਮ ਨਾਲ ਬਿਠਾ ਸਕਦਾ ਹੈ ਜਿਸ ਕਾਰਨ ਮਾਸੂਮ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਅਤੇ ਟ੍ਰੈਫਿਕ ਵਿਵਸਥਾ 'ਤੇ ਵੀ ਕਾਬੂ ਪਾਇਆ ਜਾ ਸਕੇਗਾ।

ਸੀ. ਸੀ. ਟੀ. ਵੀ. ਤੇ ਡੀ. ਵੀ. ਆਰ. ਦੇ ਦਿੱਤੇ ਹੁਕਮ
ਦੂਜੇ ਪਾਸੇ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਬਾਹਰ ਤੇ ਅੰਦਰ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਠੀਕ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਕਈ ਥਾਵਾਂ 'ਤੇ ਕੈਮਰੇ ਲਾਉਣ ਦੇ ਵੀ ਹੁਕਮ ਦਿੱਤੇ ਹਨ। ਏ. ਡੀ. ਸੀ. ਪੀ. ਨੇ ਦੱਸਿਆ ਕਿ ਸਕੂਲਾਂ ਦੇ ਬਾਹਰ ਕੈਮਰੇ ਲਾਉਣ ਅਤੇ ਡੀ. ਵੀ. ਆਰ. ਠੀਕ ਰੱਖਣ ਦੇ ਨਾਲ-ਨਾਲ ਸ਼ੱਕੀ ਲੋਕਾਂ 'ਤੇ ਵੀ ਨਜ਼ਰ ਰੱਖ ਕੇ ਸ਼ਿਕੰਜਾ ਕੱਸਿਆ ਜਾਵੇਗਾ।

ਪੰਜਾਬ ਦੇ ਕਈ ਸਕੂਲਾਂ ਨੇ ਕੀਤੀ ਡਿਜੀਟਲ ਅਟੈਂਡੈਂਸ ਦੀ ਪ੍ਰਕਿਰਿਆ ਸ਼ੁਰੂ, ਸੋਸ਼ਲ ਮੀਡੀਆ 'ਤੇ ਵਾਇਰਲ
ਮਾਸੂਮ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਮਨ ਦੇ ਖੌਫ ਨੂੰ ਖਤਮ ਕਰਨ ਲਈ ਪੰਜਾਬ ਦੇ ਕਈ ਸ਼ਹਿਰਾਂ 'ਚ ਕਈ ਸਕੂਲਾਂ ਨੇ ਮਾਸੂਮ ਬੱਚਿਆਂ ਦੀ ਸਕੂਲ 'ਚ ਦਾਖਲ ਹੁੰਦੇ ਹੀ ਡਿਜੀਟਲ ਅਟੈਂਡੈਂਸ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਸਕੂਲ ਦੇ ਅੰਦਰ ਇਕ ਮਸ਼ੀਨ ਲਾਈ ਗਈ ਹੈ ਬੱਚਿਆਂ ਦੇ ਸਕੂਲ ਦੇ ਅੰਦਰ ਪਹੁੰਚਦੇ ਹੀ ਬੱਚਿਆਂ ਵੱਲੋਂ ਆਪਣੇ ਸਕੂਲ ਦਾ ਆਈ. ਡੀ. ਕਾਰਡ ਮਸ਼ੀਨ ਦੇ ਨਾਲ ਅਟੈਂਡੈਂਸ ਲਾਉਣ ਲਈ ਟੱਚ ਕੀਤਾ ਜਾਂਦਾ ਹੈ। ਅਟੈਂਡਸ ਲਾਉਣ ਦੇ ਨਾਲ ਹੀ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ ਦੇ ਸਕੂਲ ਅੰਦਰ ਪਹੁੰਚਣ ਅਤੇ ਉਸ ਦੀ ਅਟੈਂਡੈਂਸ ਲਾਉਣ ਦਾ ਮੈਸੇਜ ਆ ਜਾਂਦਾ ਹੈ। ਆਪਣੇ ਬੱਚੇ ਦੇ ਸਕੂਲ ਵਿਚ ਪਹੁੰਚਣ ਸਬੰਧੀ ਮਾਪਿਆਂ ਨੂੰ ਵੀ ਪੂਰੀ ਜਾਣਕਾਰੀ ਮਿਲਦੀ ਹੈ। ਇਸ ਮਸ਼ੀਨ ਦੀਆਂ ਤਸਵੀਰਾਂ ਅੱਜਕਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਸਕੂਲ ਦੇ ਬਾਹਰ ਚੱਲਿਆ ਅੱਜ ਪੁਲਸ ਦਾ ਡੰਡਾ, ਕਈਆਂ ਦੀ ਆਈ ਸ਼ਾਮਤ
ਕਮਿਸ਼ਨਰੇਟ ਪੁਲਸ ਨੇ ਸ਼ਹਿਰ ਦੇ ਕਈ ਸਕੂਲਾਂ ਦੇ ਬਾਹਰ ਇਕ ਵੱਡਾ ਆਪ੍ਰੇਸ਼ਨ ਚਲਾਉਂਦੇ ਹੀ ਕਈ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕਾਬੰਦੀ ਕੀਤੀ ਅਤੇ ਸਕੂਲਾਂ ਦੇ ਬਾਹਰ ਗੇੜੀ ਲਗਾ ਰਹੇ ਅਤੇ ਬਿਨਾਂ ਵਜ੍ਹਾ ਘੁੰਮ ਰਹੇ ਕਈ ਨੌਜਵਾਨਾਂ ਨੂੰ ਪੁਲਸ ਨੇ ਚਿਤਾਵਨੀ ਦੇ ਕੇ ਛੱਡਿਆ ਅਤੇ ਕਈ ਵਾਹਨਾਂ ਦੇ ਚਲਾਨ ਵੀ ਕੱਟੇ।


author

shivani attri

Content Editor

Related News