ਮੋਹਾਲੀ : ਪਾਲਤੂ ਕੁੱਤੇ ਨੇ 11 ਸਾਲਾ ਬੱਚੇ ਨੂੰ ਵੱਢਿਆ

09/04/2018 12:36:38 PM

ਮੋਹਾਲੀ (ਕੁਲਦੀਪ) : ਇਕ ਮਕਾਨ ਮਾਲਕ ਵਲੋਂ ਰੱਖੇ ਗਏ ਪਾਲਤੂ ਕੁੱਤੇ ਵਲੋਂ ਕਰੀਬ 11 ਸਾਲਾ ਬੱਚੇ ਨੂੰ ਕੱਟਣ ਦੀ ਖਬਰ ਪ੍ਰਾਪਤ ਹੋਈ ਹੈ। ਕੁੱਤੇ ਵਲੋਂ ਕੱਟਣ ਦਾ ਮਾਮਲਾ ਪੁਲਸ ਦੇ ਕੋਲ ਪਹੁੰਚ ਗਿਆ ਹੈ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫੇਜ਼-3ਬੀ1 ਨਿਵਾਸੀ ਰਾਮ ਲੋਚਨ ਸੈਣੀ ਨੇ ਦੱਸਿਆ ਕਿ ਉਹ ਇਸ ਫੇਜ਼-3ਬੀ1 ਵਿਚ ਕਿਰਾਏਦਾਰ ਦੇ ਤੌਰ 'ਤੇ ਰਹਿੰਦੇ ਹਨ।

ਇਕ ਮਕਾਨ ਮਾਲਕ ਵਲੋਂ ਰੱਖੇ ਗਏ ਪਾਲਤੂ ਕੁੱਤੇ ਨੇ ਉਸ ਦੇ ਕਰੀਬ 11 ਸਾਲਾ ਬੇਟੇ ਦੁਰਗੇਸ਼ ਸੈਣੀ ਨੂੰ ਕੱਟ ਲਿਆ। ਕੁੱਤੇ ਨੇ ਬੱਚੇ ਦੇ ਪੈਰ 'ਤੇਕੱਟਿਆ। ਜ਼ਖ਼ਮੀ ਹੋਏ ਬੱਚੇ ਨੂੰ ਫੇਜ਼-3 ਦੇ ਹੀ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਨੇ ਕੁੱਤੇ ਦੇ ਮਾਲਕ ਨੂੰ ਕੱਟੇ ਜਾਣ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਉਲਟਾ ਉਨ੍ਹਾਂ ਦੇ ਨਾਲ ਲੜਾਈ ਕਰਨ ਲੱਗਾ। ਇਥੇ ਤਕ ਕਿ ਕੁੱਤੇ ਦੇ ਮਾਲਕ ਨੇ ਬੱਚੇ ਦਾ ਇਲਾਜ ਕਰਵਾਉਣ ਤੋਂ ਵੀ ਮਨ੍ਹਾ ਕਰ ਦਿੱਤਾ।

ਬੱਚੇ ਦੇ ਪਿਤਾ ਰਾਮ ਲੋਚਨ ਨੇ ਇਸ ਸਬੰਧ ਵਿਚ ਪੁਲਸ ਸਟੇਸ਼ਨ ਮਟੌਰ 'ਚ ਲਿਖਤੀ ਸ਼ਿਕਾਇਤ ਦੇ ਕੇ ਕੁੱਤੇ ਦੇ ਮਾਲਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸੰਪਰਕ ਕਰਨ 'ਤੇ ਐੱਚ. ਐੱਚ. ਓ. ਪੁਲਸ ਸਟੇਸ਼ਨ ਮਟੌਰ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਬੱਚੇ ਨੂੰ ਕੱਟਣ ਸਬੰਧੀ ਸ਼ਿਕਾਇਤ ਆ ਗਈ ਹੈ। ਉਨ੍ਹਾਂ ਕਿਹਾ ਕਿ ਕੁੱਤੇ ਦੇ ਮਾਲਕ ਨੂੰ ਥਾਣੇ ਸੱਦ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਪੁਲਸ ਵਲੋਂ ਜੋ ਵੀ ਕਾਰਵਾਈ ਬਣਦੀ ਹੋਵੇਗੀ, ਕੀਤੀ ਜਾਵੇਗੀ। 


Related News