ਟਾਇਲਟ ਸੀਟ ''ਚ ਫਸਣ ਨਾਲ ਬੱਚੀ ਦੀ ਮੌਤ

02/05/2018 6:56:39 AM

ਅੰਮ੍ਰਿਤਸਰ  (ਦਲਜੀਤ) - ਸਿਵਲ ਹਸਪਤਾਲ ਨੇੜੇ ਸਥਿਤ ਇਕ ਪ੍ਰਾਈਵੇਟ ਅਲਟਰਸਾਊਂਡ ਸੈਂਟਰ 'ਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਟੈਸਟ ਕਰਵਾਉਣ ਆਈ ਗਰਭਵਤੀ ਦਾ ਪਖਾਨੇ ਵਿਚ ਹੀ ਜਣੇਪਾ ਹੋਣ ਕਾਰਨ ਬੱਚੀ ਦੀ ਟਾਇਲਟ ਸੀਟ ਵਿਚ ਫਸਣ ਨਾਲ ਮੌਤ ਹੋ ਗਈ। ਪ੍ਰਾਈਵੇਟ ਹਸਪਤਾਲ ਜੇਕਰ ਸਮੇਂ 'ਤੇ ਗਰਭਵਤੀ ਦਾ ਜਣੇਪਾ ਕਰਦਾ ਤਾਂ ਸ਼ਾਇਦ ਬੱਚੀ ਦੀ ਜਾਨ ਬਚਾਈ ਜਾ ਸਕਦੀ ਸੀ। ਜਾਣਕਾਰੀ ਅਨੁਸਾਰ ਜੌੜਾ ਫਾਟਕ ਖੇਤਰ ਦੀ ਰਹਿਣ ਵਾਲੀ ਕਵਿਤਾ 9 ਮਹੀਨੇ ਦੀ ਗਰਭਵਤੀ ਸੀ। ਜੌੜਾ ਫਾਟਕ ਵਿਚ ਹੀ ਇਕ ਪ੍ਰਾਈਵੇਟ ਨਰਸਿੰਗ ਹੋਮ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਕਵਿਤਾ ਦੇ ਪਤੀ ਲਾਲ ਕੁਮਾਰ ਨੇ ਦੱਸਿਆ ਕਿ ਜਣੇਪਾ ਦਰਦ ਹੋਣ ਕਾਰਨ ਉਹ ਕਵਿਤਾ ਨੂੰ ਨਰਸਿੰਗ ਹੋਮ 'ਚ ਲਿਆਏ ਸਨ। ਇਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਅਲਟਰਾਸਾਊਂਡ ਕਰਵਾਉਣ ਨੂੰ ਕਿਹਾ। ਹਾਲਾਂਕਿ ਨਰਸਿੰਗ ਹੋਮ ਵਿਚ ਅਲਟਰਾਸਾਊਂਡ ਦੀ ਸਹੂਲਤ ਨਹੀਂ ਸੀ, ਇਸ ਲਈ ਉਹ ਕਵਿਤਾ ਨੂੰ ਸਿਵਲ ਹਸਪਤਾਲ ਨੇੜੇ ਸਥਿਤ ਇਕ ਨਿੱਜੀ ਅਲਟਰਾਸਾਊਂਡ ਸੈਂਟਰ ਵਿਚ ਲੈ ਆਏ।
ਡਲਿਵਰੀ ਦਰਦ ਨਾਲ ਤੜਫ਼ ਰਹੀ ਕਵਿਤਾ ਅਲਟਰਾਸਾਊਂਡ ਕਰਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਸੀ, ਕੁਝ ਦੇਰ ਬਾਅਦ ਉਹ ਪਖਾਨੇ ਜਾਣ ਦੀ ਗੱਲ ਕਹਿ ਕੇ ਅਲਟਰਾਸਾਊਂਡ ਸੈਂਟਰ ਵਿਚ ਬਣੇ ਬਾਥਰੂਮ ਵਿਚ ਚਲੀ ਗਈ। ਲਾਲ ਕੁਮਾਰ ਅਨੁਸਾਰ ਤਕਰੀਬਨ 5 ਮਿੰਟ ਬਾਅਦ ਬਾਥਰੂਮ 'ਚੋਂ ਉਸ ਦੀ ਚੀਕ ਸੁਣਾਈ ਦਿੱਤੀ। ਅਸੀਂ ਬਾਥਰੂਮ 'ਚ ਪੁੱਜੇ ਤਾਂ ਕਵਿਤਾ ਖੂਨ ਨਾਲ ਲਿਬੜੀ ਪਈ ਸੀ। ਉਸ ਦੀ ਕੁੱਖ 'ਚੋਂ ਬੱਚੀ ਨਿਕਲ ਕੇ ਕਮੋਡ ਵਿਚ ਡਿੱਗੀ ਹੋਈ ਸੀ। ਬੱਚੀ ਨੂੰ ਤੁਰੰਤ ਕਮੋਡ 'ਚੋਂ ਕੱਢਿਆ ਗਿਆ। ਇਸ ਤੋਂ ਬਾਅਦ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਕਵਿਤਾ ਅਤੇ ਬੱਚੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।


Related News