20 ਫੁੱਟ ਲੰਬੀ ਟੁੱਟੀ ਰੇਲਿੰਗ ਕਾਰਨ ਦਰਿਆ ''ਚ ਡਿੱਗਾ ਸਕੂਲੀ ਬੱਚਾ

Monday, Mar 18, 2019 - 05:47 PM (IST)

20 ਫੁੱਟ ਲੰਬੀ ਟੁੱਟੀ ਰੇਲਿੰਗ ਕਾਰਨ ਦਰਿਆ ''ਚ ਡਿੱਗਾ ਸਕੂਲੀ ਬੱਚਾ

ਦੇਵੀਗੜ੍ਹ (ਜ. ਬ.) : ਦੇਵੀਗੜ੍ਹ ਵਿਖੇ ਘੱਗਰ ਦਰਿਆ 'ਤੇ ਰੇਲਿੰਗ ਟੁੱਟੀ ਹੋਣ ਕਾਰਨ ਰਾਤ ਸਮੇਂ ਇਕ ਬੱਚਾ ਹਨੇਰੇ ਕਾਰਨ ਦਰਿਆ ਵਿਚ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਕਸਬਾ ਦੇਵੀਗੜ੍ਹ ਦੇ ਵਿਚਕਾਰ ਦੀ ਲੰਘਦੇ ਘੱਗਰ ਦਰਿਆ ਉੱਪਰ ਅੱਧੀ ਸਦੀ ਤੋਂ ਪਹਿਲਾਂ ਬਣੇ ਮਣਿਆਦ ਲੰਘ ਚੁਕੀ ਹੈ। ਇਸ ਕਿਨਾਰੇ ਸੱਜੇ ਪਾਸੇ ਦੀ ਰੇਲਿੰਗ ਬੀਤੇ ਸਾਲ ਆਪਣੇ ਆਪ ਹੀ ਡਿੱਗ ਗਈ ਸੀ। ਇਹ ਪੁੱਲ ਹੁਣ ਇਨਾ ਕਮਜ਼ੋਰ ਹੋ ਗਿਆ ਹੈ ਕਿ ਇਸ ਦੀ ਰੇਲਿੰਗ ਖੁਰਨ ਅਤੇ ਡਿੱਗਣ ਲੱਗ ਪਈ ਹੈ। 
ਇਸ ਪੁਲ ਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਕਈ ਹੋਰ ਪ੍ਰਾਈਵੇਟ ਸਕੂਲ ਹਨ। ਬੱਚੇ ਪੁੱਲ ਉੱਪਰੋਂ ਲੰਘ ਕੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਪੁੱਲ ਦੀਆਂ ਨੀਹਾਂ ਵੀ ਕਮਜ਼ੋਰ ਹੋ ਗਈਆਂ ਹਨ ਜਦੋਂ ਕੋਈ ਭਾਰੀ ਵਹੀਕਲ ਉੱਪਰ ਦੀ ਲੰਘਦੀ ਹੈ ਤਾਂ ਪੁੱਲ ਕੰਬਣ ਲੱਗਦਾ ਹੈ। ਹਾਲਤ ਇੰਨੀ ਮਾੜੀ ਹੋਣ ਦੇ ਬਾਵਜੂਦ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਤੱਕ ਨਹੀਂ ਦਿੱਤਾ। ਜੇਕਰ ਇਸੇ ਤਰ੍ਹਾਂ ਲਾਪ੍ਰਵਾਹੀ ਰਹੀ ਤਾਂ ਇਥੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।
ਇਸ ਸਬੰਧੀ ਜਦੋਂ ਸਬੰਧਤ ਮਹਿਕਮੇ ਦੇ ਐਕਸੀਅਨ ਦੀਪਕ ਗੋਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮੀਰਾਂਪੁਰ ਤੋਂ ਜੌੜੀਆਂ ਤੱਕ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਟੁੱਟੀ ਰੇਲਿੰਗ ਦੀ ਮੁਰੰਮਤ ਵੀ ਸੜਕ ਦੇ ਨਾਲ ਹੀ ਕਰਵਾ ਦਿੱਤੀ ਜਾਵੇਗੀ।


author

Gurminder Singh

Content Editor

Related News