ਗਣਿਤ ਦਾ ਸਵਾਲ ਨਾ ਆਉਣ ''ਤੇ ਕੁੱਟੀ ਤੀਜੀ ਜਮਾਤ ਦੀ ਬੱਚੀ, ਪਾਈਆਂ ਲਾਸਾਂ

08/11/2019 4:19:02 PM

ਜਲਾਲਾਬਾਦ (ਸੇਤੀਆ, ਸੁਮਿਤ) - ਸ਼ਹਿਰ ਦੀ ਦਸਮੇਸ਼ ਨਗਰੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹੀਆ ਵਿਖੇ ਇਕ ਮਾਸਟਰ 'ਤੇ ਤੀਜੀ ਕਲਾਸ 'ਚ ਪੜ੍ਹਦੀ ਕੁੜੀ ਨਾਲ ਕਥਿਤ ਤੌਰ 'ਤੇ ਕੁੱਟ-ਮਾਰ ਕਰਨ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਦੋਸ਼ਾਂ 'ਚ ਘਿਰੇ ਮਾਸਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਥੋੜ੍ਹਾ-ਬਹੁਤ ਕੁਝ ਕਹਿਣਾ ਪੈਂਦਾ ਹੈ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਕੌਰ ਪਤਨੀ ਸ਼ਾਮਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਸਰਕਾਰੀ ਪ੍ਰਾਇਮਰੀ ਸਕੂਲ 'ਚ ਤੀਜੀ ਜਮਾਤ 'ਚ ਪੜ੍ਹਦੀ ਹੈ। ਸ਼ੁੱਕਰਵਾਰ ਸ਼ਾਮ ਵੇਲੇ ਜਦ ਉਸ ਨੇ ਆਪਣੀ ਧੀ ਦੇ ਸ਼ਰੀਰ 'ਤੇ ਲਾਸਾਂ ਪਈਆਂ ਦੇਖੀਆਂ ਤਾਂ ਉਹ ਹੈਰਾਨ ਰਹੀ ਗਈ। ਬੱਚੀ ਨੇ ਦੱਸਿਆ ਕਿ ਗਣਿਤ ਦਾ ਸਵਾਲ ਨਾ ਆਉਣ ਕਾਰਨ ਮਾਸਟਰ ਨੇ ਉਸ ਨੂੰ ਕੁੱਟਿਆ ਹੈ। 

ਗੁਰਪ੍ਰੀਤ ਨੇ ਦੱਸਿਆ ਕਿ ਉਹ ਪਹਿਲਾਂ ਵੀ ਹੈੱਡ ਮਾਸਟਰ ਨੂੰ ਬੱਚਿਆਂ ਨੂੰ ਸਜ਼ਾ ਦੇਣ ਦੇ ਵਿਰੋਧ 'ਚ ਕਹਿ ਚੁੱਕੇ ਹਨ ਪਰ ਇਹ ਦੂਜੀ ਵਾਰ ਹੈ ਕਿ ਬੱਚੀ ਨੂੰ ਸਜ਼ਾ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਬੱਚਿਆਂ ਨੂੰ ਸਜ਼ਾ ਦੇਣ ਦੇ ਚੱਕਰ 'ਚ ਜੇਕਰ ਬੱਚੇ ਦੀ ਕੋਈ ਹੱਡੀ ਟੁੱਟ ਜਾਵੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੀ ਮੰਗ ਹੈ ਕਿ ਸਕੂਲ ਦੇ ਮੁਖੀ ਇਸ ਵੱਲ ਧਿਆਨ ਦੇਣ ਤਾਂ ਜੋ ਬੱਚਿਆਂ ਨਾਲ ਇਸ ਤਰ੍ਹਾਂ ਦੀ ਕੁੱਟ-ਮਾਰ ਨਾ ਹੋਵੇ। ਉਧਰ ਸੁਨੀਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਕੋਲੋਂ ਗਣਿਤ ਦਾ ਸਵਾਲ ਪੁੱਛਿਆ ਗਿਆ ਸੀ ਅਤੇ ਸਵਾਲ ਨਾ ਆਉਣ ਦੀ ਸੂਰਤ 'ਚ ਉਸ ਦੀ ਪਿਟਾਈ ਕੀਤੀ ਗਈ।

ਬੱਚਿਆਂ ਨੂੰ ਥੋੜ੍ਹਾ-ਬਹੁਤ ਕਹਿਣਾ ਪੈਂਦੈ : ਅਧਿਆਪਕ
ਇਸ ਮਾਮਲੇ ਦੇ ਸਬੰਧ 'ਚ ਮਾਸਟਰ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਲਈ ਥੋੜ੍ਹਾ ਬਹੁਤ ਸਖਤੀ ਨਾਲ ਪੇਸ਼ ਆਉਣਾ ਪੈਂਦਾ ਹੈ ਪਰ ਇਹ ਨਹੀਂ ਕਿ ਉਸ ਨੇ ਬਹੁਤ ਮਾਰਿਆ ਹੈ। ਕੁਝ ਦਿਨ ਹੀ ਬੱਚੀ ਦੇ ਬਰਥ ਡੇਅ 'ਤੇ ਉਸ ਨੇ ਟਾਫੀਆਂ ਵੀ ਦਿੱਤੀਆਂ ਸਨ ਪਰ ਇਸ ਮਾਮਲੇ ਨੂੰ ਮਾਪੇ ਪਤਾ ਨਹੀਂ ਕਿਉਂ ਤੂਲ ਦੇ ਰਹੇ ਹਨ।


rajwinder kaur

Content Editor

Related News