ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਦਾ ਘਿਰਾਓ ਕਰਨ ਦਾ ਐਲਾਨ
Monday, Jun 18, 2018 - 05:52 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਵੱਲੋਂ ਸੂਬੇ ’ਚ 700 ਸੇਵਾ ਕੇਂਦਰ ਬੰਦ ਕਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗਲ਼ੇ ਦੀ ਹੱਡੀ ਬਣ ਸਕਦਾ ਹੈ। ਸੇਵਾ ਕੇਂਦਰਾਂ ਦੇ ਹਜ਼ਾਰਾਂ ਬੇਰੋਜ਼ਗਾਰ ਹੋਏ ਮੁਲਾਜ਼ਮਾਂ ਨੇ ਕੈਪਟਨ ਸਮੇਤ ਕੈਬਨਿਟ ਮੰਤਰੀਆਂ ਦਾ ਅਚਾਨਕ ਘਿਰਾਓ ਕਰ ਕੇ ਪੁਤਲੇ ਫੂਕਣ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤਸਰ ਵਿਖੇ ਅੱਜ ਪੰਜਾਬ ਸੇਵਾ ਕੇਂਦਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਸੰਘਰਸ਼ ਦਾ ਬਿਗੁਲ ਵਜਾਉਂਦਿਅਾਂ ਪਿੱਟ-ਸਿਆਪਾ ਵੀ ਕੀਤਾ ਗਿਆ। ਯੂਨੀਅਨ ਦੇ ਆਗੂ ਜੈਦੀਪ ਸਿੰਘ ਤੇ ਗੁਲਾਟੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਨੌਜਵਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਉਹ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣਗੇ ਪਰ ਬਡ਼ੇ ਅਫਸੋਸ ਦੀ ਗੱਲ ਹੈ ਕਿ ਕੈਪਟਨ ਨੇ ਲਾਟੂ ਵਾਂਗ ਘੁੰਮਦਿਆਂ ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਹਜ਼ਾਰਾਂ ਮੁਲਾਜ਼ਮਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਹੈ। ਇਹ ਸੇਵਾ ਕੇਂਦਰ ਦਿਹਾਤੀ ਅਤੇ ਸ਼ਹਿਰੀ ਖੇਤਰਾਂ ’ਚ ਨਾਗਰਿਕਾਂ ਨੂੰ ਬਿਨਾਂ ਖੱਜਲ-ਖੁਆਰੀ ਦੇ ਸਮਾਂਬੱਧ ਸਹਾਇਤਾ ਕਰ ਰਹੇ ਸਨ। 2200 ’ਚੋਂ 700 ਦੇ ਕਰੀਬ ਸੇਵਾ ਕੇਂਦਰ ਬੰਦ ਕਰਨਾ ਸਰਕਾਰ ਲਈ ਮੰਦਭਾਗਾ ਹੈ। ਬੇਰੋਜ਼ਗਾਰੀ ਫੈਲਾਉਣ ਵਾਲੀ ਕੈਪਟਨ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਮਜਬੂਰ ਹੋ ਕੇ ਯੂਨੀਅਨ ਨੂੰ ਸੰਘਰਸ਼ ਦੇ ਰਸਤੇ ਪੈਣਾ ਪੈ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਕੈਪਟਨ ਸਮੇਤ ਹੋਰਨਾਂ ਮੰਤਰੀਆਂ ਦੇ ਅਚਾਨਕ ਘਿਰਾਓ ਕੀਤੇ ਜਾਣਗੇ।
ਇਹ ਹਨ ਮੁੱਖ ਮੰਗਾਂ : ਬੰਦ ਕੀਤੇ 700 ਸੇਵਾ ਕੇਂਦਰ ਮੁਡ਼ ਬਹਾਲ ਕੀਤੇ ਜਾਣ ਜਾਂ ਬੇਰੋਜ਼ਗਾਰ ਹੋਏ ਨੌਜਵਾਨਾਂ ਨੂੰ ਕਿਸੇ ਵੀ ਵਿਭਾਗ ’ਚ ਨੌਕਰੀ ਦਿੱਤੀ ਜਾਵੇ, ਚੱਲ ਰਹੇ ਸੇਵਾ ਕੇਂਦਰਾਂ ’ਚ ਤਾਇਨਾਤ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ, ਵੱਧ ਰਹੀ ਮਹਿੰਗਾਈ ਅਨੁਸਾਰ ਕੰਮ ਕਰ ਰਹੇ ਨੌਜਵਾਨਾਂ ਦੀ ਤਨਖਾਹ ਵਧਾਈ ਜਾਵੇ, ਪਿਛਲੇ 6 ਮਹੀਨਿਅਾਂ ਤੋਂ ਪੈਂਡਿੰਗ ਪਈ ਤਨਖਾਹ ਜਲਦ ਜਾਰੀ ਕਰਵਾਈ ਜਾਵੇ, ਮੁੱਖ ਮੰਤਰੀ ਨਾਲ ਉਕਤ ਮੁੱਦੇ ’ਤੇ ਮੀਟਿੰਗ ਕਰਵਾਈ ਜਾਵੇ ਆਦਿ।
ਇਹ ਸਨ ਮੌਜੂਦ : ਇਸ ਮੌਕੇ ਸੰਨੀ, ਜੋਬਨਜੀਤ ਸਿੰਘ, ਚੀਮਾ ਸਿੰਘ, ਗੁਲਾਟੀ, ਕੁਲਦੀਪ ਸਿੰਘ, ਰਵੀ ਕਾਂਤ, ਰੇਖਾ ਰਾਣੀ, ਜਸਪ੍ਰੀਤ ਕੌਰ, ਸੁਨੀਲ ਸ਼ਰਮਾ, ਦੀਪਿਕਾ ਸ਼ਰਮਾ, ਦਲੇਰ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ, ਜਤਿੰਦਰ ਸੱਗੂ, ਜਗਦੀਪ ਸਿੰਘ, ਸਹਿਜਦੀਪ ਸਿੰਘ, ਕਰਨ ਮਾਹਲ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਮਨੂ ਬੋਪਾਰਾਏ, ਜਸਪ੍ਰੀਤ ਸਿੰਘ, ਸੁਨੀਲ ਸ਼ਰਮਾ ਆਦਿ ਮੌਜੂਦ ਸਨ।