ਮੁੱਖ ਮੰਤਰੀ ਦੱਸਣ ਕਿ ਫਤਿਹ ਕਿੱਟ ਘੋਟਾਲੇ ’ਚ ਕਾਰਵਾਈ ਕਿਉਂ ਨਹੀਂ ਕੀਤੀ : ਅਕਾਲੀ ਦਲ

06/11/2021 2:07:59 AM

ਚੰਡੀਗੜ੍ਹ(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਫਤਿਹ ਕਿੱਟ ਘੋਟਾਲੇ ਦੀ ਸੀ.ਬੀ.ਆਈ. ਜਾਂਚ ਦੇ ਹੁਕਮ ਕਿਉਂ ਨਹੀਂ ਦੇ ਰਹੇ ਹਨ, ਕਿਉਂਕਿ ਇਹ ਸਾਬਿਤ ਹੋ ਗਿਆ ਹੈ ਕਿ ਜਿਸ ਕੰਪਨੀ ਨੂੰ ਵਾਰ-ਵਾਰ ਟੈਂਡਰ ਭਰ ਕੇ ਕਿੱਟ ਦੀ ਸਪਲਾਈ ਕੀਤੀ ਸੀ, ਉਹ ਹੁਣ ਇੱਕ ਕੋਲਡ ਸਟੋਰ ਚਲਾਉਂਦੇ ਪਾਈ ਗਈ ਹੈ।
ਪਾਰਟੀ ਦੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਨੂੰ 26 ਕਰੋੜ ਰੁਪਏ ਦੀ ਕਿੱਟ ਸਪਲਾਈ ਕਰਨ ਵਾਲੀ ਗਰੈਂਡਵੇ ਕੰਪਨੀ ਬਾਰੇ ਪਤਾ ਲੱਗਾ ਹੈ ਕਿ ਉਸ ਵਲੋਂ ਇਸ ਕਾਰਵਾਈ ਵਿਚ ਪੂਰੀ ਤਰ੍ਹਾਂ ਧੋਖਾਧੜੀ ਕੀਤੀ ਗਈ ਹੈ। ਇਹੀ ਕਾਰਣ ਹੈ ਕਿ ਅਸਲੀ ਟੈਂਡਰ ਜੋ ਕਿ 837 ਰੁਪਏ ਦਾ ਸੀ ਅਤੇ ਜਿਸਦੀ ਮਿਆਦ 6 ਮਹੀਨੇ ਦੀ ਸੀ ਉਸ ਨੂੰ ਵਾਰ-ਵਾਰ ਟੈਂਡਰ ਕਰ ਕੇ ਵਧੀਆਂ ਹੋਈਆਂ ਕੀਮਤਾਂ 1226 ਰੁਪਏ ਅਤੇ 1338 ਰੁਪਏ ਦੀਆਂ ਕੀਮਤਾਂ ’ਤੇ ਟੈਂਡਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਹੀ ਇਸ ਘੋਟਾਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਪ੍ਰਗਟ ਕਰ ਸਕਦੀ ਹੈ। ਅਕਾਲੀ ਨੇਤਾ ਨੇ ਕਿਹਾ ਕਿ ਗਰੈਂਡਵੇ ਕੰਪਨੀ ਨੂੰ ਟੈਂਡਰ ਦਿੱਤਾ ਗਿਆ, ਤਾਂ ਕਿ ਗਲਤ ਢੰਗ ਨਾਲ ਪੈਸਾ ਕਮਾਇਆ ਜਾ ਸਕੇ’। ਗਰੈਂਡਵੇ ਲੁਧਿਆਣਾ ਵਿਚ ਇੱਕ ਕੋਲਡ ਸਟੋਰ ਚਲਾ ਰਹੀ ਅਤੇ ਕੱਪੜਿਆਂ ਦਾ ਵਪਾਰ ਕਰ ਰੀ ਹੈ। ਇਸ ਤੋਂ ਇਲਾਵਾ ਕੰਪਨੀ ਕੋਲ ਮੈਡੀਕਲ ਕਿੱਟ ਦੀ ਸਪਲਾਈ ਕਰਨ ਲਈ ਪ੍ਰਮਾਣਿਤ ਲਾਈਸੈਂਸ ਵੀ ਨਹੀਂ ਸੀ। ਅਕਾਲੀ ਨੇਤਾ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਤੱਤਕਾਲ ਬਰਖਾਸਤਗੀ ਦੇ ਨਾਲ-ਨਾਲ ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਲਈ ਵੀ ਲੋੜੀਂਦੇ ਕਾਰਣ ਹਨ, ਜੋ ਕੰਪਨੀ ਨੂੰ ਟੈਂਡਰ ਦੇਣ ਲਈ ਜ਼ਿੰਮੇਵਾਰ ਸਨ।       


Bharat Thapa

Content Editor

Related News