ਮੁੱਖ ਮੰਤਰੀ ਵੱਲੋਂ ਬਾਦਲ ''ਤੇ ਜਵਾਬੀ ਹਮਲਾ : ਅਕਾਲੀ-ਭਾਜਪਾ ਸਰਕਾਰ ਨਾਲੋਂ ਵਧੀਆ ਹੈ ਅਮਨ-ਕਾਨੂੰਨ ਦੀ ਹਾਲਤ

11/02/2017 12:27:48 AM

ਜਲੰਧਰ  (ਧਵਨ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ 'ਚ ਅਰਾਜਕਤਾ ਵਾਲੇ ਹਾਲਾਤ ਪੈਦਾ ਹੋਣ ਸਬੰਧੀ ਲਾਏ ਗਏ ਦੋਸ਼ਾਂ 'ਤੇ ਜਵਾਬੀ ਹਮਲਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਸਮੇਂ ਕਾਂਗਰਸ ਰਾਜ 'ਚ ਅਮਨ-ਕਾਨੂੰਨ ਦੀ ਹਾਲਤ ਬਾਦਲ ਦੀ ਅਗਵਾਈ ਵਾਲੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨਾਲੋਂ ਵਧੀਆ ਹੈ। ਉਨ੍ਹਾਂ ਇਕ ਬਿਆਨ 'ਚ ਕਿਹਾ ਕਿ ਪਿਛਲੇ 10 ਸਾਲਾਂ 'ਚ ਪੰਜਾਬ 'ਚ ਜੰਗਲ ਰਾਜ ਚੱਲ  ਰਿਹਾ ਸੀ ਅਤੇ ਨਸ਼ਿਆਂ ਦਾ ਸਾਮਰਾਜ ਹਰ ਪਾਸੇ ਫੈਲਿਆ ਹੋਇਆ ਸੀ। ਉਸ ਨੂੰ ਕਾਂਗਰਸ ਸਰਕਾਰ ਨੇ ਖਤਮ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਾਰਚ ਮਹੀਨੇ 'ਚ ਸੂਬੇ 'ਚ ਸੱਤਾ 'ਚ ਤਬਦੀਲੀ ਹੋਣ ਤੋਂ ਬਾਅਦ ਤੋਂ ਅਮਨ-ਕਾਨੂੰਨ ਦੀ ਹਾਲਤ ਸੁਧਰੀ ਹੈ। ਬਾਦਲ ਸਰਕਾਰ ਦੇ ਰਾਜ 'ਚ ਰੋਜ਼ਾਨਾ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਉਦੋਂ ਹਰ ਸ਼ਹਿਰ 'ਚ ਖਿਚਾਅ ਵਾਲੇ ਹਾਲਾਤ ਪੈਦਾ ਹੋ ਗਏ ਸਨ। ਪਿਛਲੇ 7-8 ਮਹੀਨਿਆਂ 'ਚ ਨਸ਼ਿਆਂ ਦੇ ਕਾਰੋਬਾਰ 'ਤੇ ਰੋਕ ਲੱਗੀ ਹੈ ਤੇ ਧਾਰਮਕ ਗ੍ਰੰਥਾਂ ਦੀ ਬੇਅਦਬੀ ਰੁਕੀ ਹੈ। ਇਸੇ ਤਰ੍ਹਾਂ ਗੰਭੀਰ ਅਪਰਾਧਾਂ ਜਿਵੇਂ ਕਤਲ ਅਤੇ ਅਗਵਾ ਵਰਗੀਆਂ ਘਟਨਾਵਾਂ 'ਚ ਵੀ ਕਮੀ ਆਈ ਹੈ। ਲੋਕਾਂ ਅੰਦਰ ਹੁਣ ਡਰ ਦੀ ਭਾਵਨਾ ਨਹੀਂ ਹੈ। ਗੈਂਗਸਟਰਾਂ ਵਿਰੁੱਧ ਕਾਂਗਰਸ ਸਰਕਾਰ ਨੇ ਜੰਗੀ ਪੱਧਰ 'ਤੇ ਮੁਹਿੰਮ ਛੇੜੀ ਹੋਈ ਹੈ। ਗੈਂਗਸਟਰ ਅਤੇ ਅਪਰਾਧੀ ਕਿਸਮ ਦੇ ਲੋਕ ਪੰਜਾਬ ਛੱਡ ਕੇ ਹੋਰਨਾਂ ਸੂਬਿਆਂ 'ਚ ਸ਼ਰਨ ਲੈ ਰਹੇ ਹਨ। ਗੈਂਗਸਟਰਾਂ ਅੰਦਰ ਭਾਰੀ ਡਰ ਪਾਇਆ ਜਾ ਰਿਹਾ ਹੈ।
ਪਿਛਲੇ ਕੁਝ ਸਮੇਂ ਦੌਰਾਨ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਟਿੱਪਣੀ  ਕਰਦਿਆਂ ੁਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਅਕਾਲੀ ਸੱਤਾ 'ਚ ਸਨ ਤਾਂ ਅਜਿਹੀਆਂ ਘਟਨਾਵਾਂ ਵਧੇਰੇ ਵਾਪਰ ਰਹੀਆਂ ਸਨ। ਬਾਦਲਾਂ ਦੇ ਰਾਜਕਾਲ ਵਿਚ ਤਾਂ 2 ਫਿਦਾਈਨ ਹਮਲੇ ਵੀ ਹੋਏ ਸਨ। 15 ਮਾਰਚ 2017 ਤੋਂ ਲੈ ਕੇ 30 ਸਤੰਬਰ 2017 ਤੱਕ ਕੁਲ 21721 ਮਾਮਲੇ ਦਰਜ ਹੋਏ, ਜਦਕਿ 2016 ਵਿਚ ਇਸੇ ਸਮੇਂ ਦੌਰਾਨ 21926 ਮਾਮਲੇ ਦਰਜ ਹੋਏ ਸਨ। ਕਤਲਾਂ ਦੀ ਗਿਣਤੀ 454 ਤੋਂ ਘਟ ਕੇ 384 ਹੋਈ ਹੈ। ਅਗਵਾ ਦੇ ਕੇਸਾਂ ਦੀ ਗਿਣਤੀ 936 ਤੋਂ ਘਟ ਕੇ 915 ਅਤੇ ਡਕੈਤੀ ਦੀਆਂ ਘਟਨਾਵਾਂ 29 ਤੋਂ ਘਟ ਕੇ 17 ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਹਿੰਦੂ ਆਗੂਆਂ ਦੇ ਹੋਏ ਕਤਲਾਂ ਦੇ ਕੇਸਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਦੇ ਟੁਕੜੇ ਕਰਨ ਲਈ ਅਕਾਲੀ ਜ਼ਿੰਮੇਵਾਰ
ਮੁੱਖ ਮੰਤਰੀ ਨੇ ਪੰਜਾਬ ਦਿਵਸ 'ਤੇ ਪੰਜਾਬੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਕਾਲੀਆਂ ਕਾਰਨ ਪੰਜਾਬ ਦੇ ਟੁਕੜੇ ਹੋ ਗਏ ਸਨ ਪਰ ਪੰਜਾਬੀਆਂ ਨੇ ਭਾਰੀ ਮਿਹਨਤ ਕਰ ਕੇ ਸੂਬੇ ਨੂੰ ਮੁੜ ਤਰੱਕੀ ਦੇ ਰਾਹ ਵੱਲ ਲਿਆਂਦਾ ਹੈ। ਅਕਾਲੀ ਮੁੜ ਤੋਂ ਪੰਜਾਬ ਨੂੰ ਵਿਕਾਸ ਦੇ ਰਾਹ ਤੋਂ ਹਟਾਉਣ ਦੀਆਂ ਸਾਜ਼ਿਸ਼ਾਂ ਵਿਚ ਲੱਗੇ ਹੋਏ ਹਨ। ਇਸ ਨੂੰ ਕਾਂਗਰਸ ਸਰਕਾਰ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚਿਹਰਿਆਂ 'ਤੇ ਮੁਸਕੁਰਾਹਟ ਲਿਆਉਣੀ ਉਨ੍ਹਾਂ ਦਾ ਮੁੱਖ ਏਜੰਡਾ ਹੈ। ਇਸ ਨੂੰ ਪੂਰਾ ਕਰ ਕੇ ਹੀ ਉਹ ਸਾਹ ਲੈਣਗੇ।


Related News