ਫਤਿਹਵੀਰ ਮਾਮਲੇ ''ਚ ਨੈਤਿਕ ਤੌਰ ''ਤੇ ਮੁੱਖ ਮੰਤਰੀ ਅਸਤੀਫ਼ਾ ਦੇਣ : ਹਰਪਾਲ ਚੀਮਾ

Tuesday, Jun 11, 2019 - 08:22 PM (IST)

ਫਤਿਹਵੀਰ ਮਾਮਲੇ ''ਚ ਨੈਤਿਕ ਤੌਰ ''ਤੇ ਮੁੱਖ ਮੰਤਰੀ ਅਸਤੀਫ਼ਾ ਦੇਣ : ਹਰਪਾਲ ਚੀਮਾ

ਚੰਡੀਗੜ੍ਹ (ਰਮਨਜੀਤ)— ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤ੍ਰਾਸਦੀ 'ਚ ਸਰਕਾਰਾਂ ਦੀ ਭੂਮਿਕਾ ਨੇ ਪੂਰੀ ਦੁਨੀਆ 'ਚ ਪੰਜਾਬ ਤੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।

ਮੰਗਲਵਾਰ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਰੀਬ 128 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਫਤਿਹਵੀਰ ਸਿੰਘ ਨੂੰ ਕੱਢਣ ਲਈ 6 ਦਿਨਾਂ ਤੋਂ ਵੀ ਵਧ ਸਮਾਂ ਤਜ਼ਰਬੇ ਕਰਨ 'ਚ ਲਗਾ ਦਿੱਤਾ ਗਿਆ ਅਤੇ ਅੰਤ ਨੂੰ ਉਸੇ 'ਪੱਥਰ ਯੁੱਗ' ਦੇ ਤਰੀਕੇ ਨਾਲ ਕੁੰਡੀਆਂ ਫਸਾ ਕੇ ਫਤਹਿਵੀਰ ਸਿੰਘ ਨੂੰ ਕੱਢਿਆ, ਜੋ ਬੇਹੱਦ-ਨਿੰਦਣਯੋਗ ਤੇ ਸ਼ਰਮਨਾਕ ਕਾਰਵਾਈ ਕਹੀ ਜਾ ਸਕਦੀ ਹੈ।

ਚੀਮਾ ਨੇ ਕਿਹਾ ਕਿ ਅਧਰੰਗ ਮਾਰੇ ਸਰਕਾਰੀ ਸਿਸਟਮ ਤੇ ਸ਼ਾਸਕਾਂ ਦੀ ਬੇਰੁਖ਼ੀ ਨੇ ਇਕ ਮਾਸੂਮ ਦਾ ਕਤਲ ਕੀਤਾ ਹੈ। ਚੀਮਾ ਨੇ ਇਸ ਪੂਰੇ ਘਟਨਾਕ੍ਰਮ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਬਚਾਅ ਅਪਰੇਸ਼ਨ ਦੌਰਾਨ ਜਿਸ-ਜਿਸ ਨੇ ਕੁਤਾਹੀ ਵਰਤੀ ਹੈ, ਉਸ ਨੂੰ ਸਜ਼ਾ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ। ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਤਰ੍ਹਾਂ ਬੇਰੁਖ਼ੀ ਅਤੇ ਲਾਪਰਵਾਹੀ ਮੁੱਖ ਮੰਤਰੀ ਨੇ ਵਰਤੀ ਹੈ ਉਸ ਲਈ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ।


author

Baljit Singh

Content Editor

Related News