ਮੁੱਖ ਮੰਤਰੀ ਨੇ ਲਖੀਮਪੁਰ ਖੀਰੀ ਪੁੱਜ ਕੇ ਸਹੀ ਮਾਇਨਿਆਂ ’ਚ ਕਿਰਸਾਨੀ ਦੇ ਦਰਦ ਦੀ ਤਰਜ਼ਮਾਨੀ ਕੀਤੀ : ਬੀਰ ਦਵਿੰਦਰ ਸਿੰਘ

Friday, Oct 08, 2021 - 05:52 PM (IST)

ਮੁੱਖ ਮੰਤਰੀ ਨੇ ਲਖੀਮਪੁਰ ਖੀਰੀ ਪੁੱਜ ਕੇ ਸਹੀ ਮਾਇਨਿਆਂ ’ਚ ਕਿਰਸਾਨੀ ਦੇ ਦਰਦ ਦੀ ਤਰਜ਼ਮਾਨੀ ਕੀਤੀ : ਬੀਰ ਦਵਿੰਦਰ ਸਿੰਘ

ਮੋਹਾਲੀ (ਨਿਆਮੀਆਂ) : ਭਾਜਪਾ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਕਾਰਾਂ ਦੇ ਕਾਫ਼ਿਲੇ ਨੇ ਜਿਸ ਵਹਿਸ਼ੀ ਢੰਗ ਨਾਲ 4 ਅਕਤੂਬਰ ਨੂੰ ਲ਼ਖੀਮਪੁਰ ਖੀਰੀ (ਯੂ. ਪੀ.) ਦੇ ਕਿਸਾਨ ਅੰਦੋਲਨਕਾਰੀਆਂ ਨੂੰ ਟਾਇਰਾਂ ਹੇਠਾਂ ਦੇ ਕੇ ਕੁਚਲਿਆ ਹੈ, ਇਸ ਦਰਿੰਦਗੀ ਨੇ ਅੰਗਰੇਜ਼ ਹਕੂਮਤ ਦੇ ਕਰੂਰ ਅੱਤਿਆਚਾਰਾਂ ਦੀ ਯਾਦ ਚੇਤੇ ਕਰਵਾ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਬੀਰ ਦਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਲੂੰ-ਕੰਡੇ ਖੜ੍ਹੇ ਕਰਨ ਵਾਲੀ ਜ਼ਾਲਮਾਨਾ ਘਟਨਾ ਉੱਤੇ ਜਿਸ ਢੰਗ ਦੀ ਸੰਜੀਦਗੀ ਨਾਲ ਕਾਂਗਰਸ ਦੀ ਨੇਤਾ ਪ੍ਰਿਯੰਕਾ ਗਾਂਧੀ ਦਾ ਸੱਚੇ ਦਿਲੋਂ ਪ੍ਰਤੀਕਰਮ ਦੇਖਣ ਨੂੰ ਮਿਲਿਆ ਹੈ, ਉਹ ਆਪਣੇ ਆਪ ਵਿਚ ਪੀੜਤ ਕਿਸਾਨ ਪਰਿਵਾਰਾਂ ਪ੍ਰਤੀ, ਉਸ ਦੀ ਸੰਵੇਦਨਾ ਦੀ ਪੀੜਾ ਨੂੰ ਸਾਬਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਨੇ ਜੋ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਕੇ ਲਖੀਮਪੁਰ ਖੀਰੀ ਦੇ ਪੀੜਤ ਪੰਜਾਬੀ ਕਿਸਾਨ ਪਰਿਵਾਰਾਂ ਨਾਲ ਇਸ ਸ਼ਦੀਦ ਦੁੱਖ ਦੇ ਸਮੇਂ ਦੁੱਖ ਦਾ ਇਜ਼ਹਾਰ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ, ਉਸ ਨਾਲ ਕਿਸਾਨ ਅੰਦੋਲਨ ਦੀ ਸਾਰਥਿਕਤਾ ਨੂੰ ਵੱਡਾ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੀ ਮਾਇੰਨਿਆਂ ਵਿਚ ਸਾਰੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਦੇ ਦਰਦ ਦੀ ਤਰਜ਼ਮਾਨੀ ਕੀਤੀ ਹੈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਨੂੰ ਬਦਲ ਕੇ ਅਧਿਆਪਕਾਂ ਦਾ ਹੱਥ ਫੜਨ ਦੀ ਕਵਾਇਦ ’ਚ ਕਾਂਗਰਸ ਸਰਕਾਰ

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਸ ਕਿਸਮ ਦੀ ਘਟੀਆ ਤੇ ਹੋਛੀ ਬਿਆਨਬਾਜ਼ੀ ਯੂ. ਪੀ. ਸਰਕਾਰ ਦੇ ਤਰਜ਼ਮਾਨ ਅਤੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਅਤੇ ਬੀ. ਜੇ. ਪੀ. ਦੇ ਕੁੱਝ ਪੰਜਾਬ ਦੇ ਨੇਤਾਵਾਂ ਨੇ ਕੀਤੀ ਹੈ, ਉਸ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਨਾ ਸਿਰਫ਼ ਗਹਿਰੀ ਠੇਸ ਹੀ ਪਹੁੰਚਾਈ ਹੈ, ਸਗੋਂ ਸ਼ਰਮਸ਼ਾਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਜਲਈ ਮਾਧਿਅਮਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਸੁਣਿਆ ਹੈ, ਜਿਸ ਵਿਚ ਉਨ੍ਹਾਂ ਨੇ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਿਯੰਕਾ ਗਾਂਧੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਇਹ ਆਖ ਕੇ ਅਲੋਚਨਾ ਕੀਤੀ ਹੈ ਕਿ ਇਹ ਸਭ ਇਸ ਕਿਸਾਨੀ ਦੁਖਾਂਤ ਦਾ ਰਾਜਨੀਤੀਕਰਨ ਕਰ ਰਹੇ ਹਨ ਅਤੇ ਮਹਿਜ਼ ਫੋਟੋਆਂ ਖਿਚਵਾਉਣ ਲਈ ਹੀ ਲਖੀਮਪੁਰ ਖੀਰੀ ਪਹੁੰਚੇ ਹੋਏ ਹਨ। ਬੀਰਦਵਿੰਦਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜੋ ਦੋਵੇਂ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਵੀ ਹਨ, ਨੂੰ ਤਾਂ ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਪੁੱਜ ਕੇ ਗਿ੍ਰਫਤਾਰੀ ਦੇਣੀ ਚਾਹੀਦੀ ਸੀ ਜੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਗਲਵਕੜੀ ਵਿਚ ਲੈ ਕੇ ਉਨ੍ਹਾਂ ਦੇ ਅੱਥਰੂ ਪੂੰਝ ਸਕਦੇ ਹਨ ਤਾਂ ਕੀ ਬਾਦਲਾਂ ਦੇ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਸੀ, ਇਸ ਵੱਡੇ ਸਵਾਲ ਦਾ ਜਵਾਬ ਤਾਂ ਬਾਦਲਾਂ ਨੂੰ ਹੁਣ ਦੇਣਾ ਹੀ ਪਵੇਗਾ ।

ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਮੰਤਰੀ ਕਿਸ ਨੂੰ ਬਣਾਈਏ, ਹੁਣ ਦਿੱਲੀ ਤੋਂ ਫੈਸਲੇ ਹੋਣ ਲੱਗੇ : ਸੁਖਬੀਰ ਬਾਦਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News