ਮੁੱਖ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਤ੍ਰਿਵੈਣੀ ਦੀ ਜਾਂਚ ਕਰੇਗੀ ਪੁਲਸ

Friday, Dec 22, 2017 - 03:57 AM (IST)

ਮੁੱਖ ਮੰਤਰੀ ਦੀ ਦਖਲਅੰਦਾਜ਼ੀ ਤੋਂ ਬਾਅਦ ਤ੍ਰਿਵੈਣੀ ਦੀ ਜਾਂਚ ਕਰੇਗੀ ਪੁਲਸ

ਬਠਿੰਡਾ(ਵਰਮਾ)-ਸਾਬਕਾ ਅਕਾਲੀ ਭਾਜਪਾ ਸਰਕਾਰ ਵੱਲੋਂ ਬਠਿੰਡਾ ਨਗਰ ਨਿਗਮ ਨੂੰ ਤੋਹਫੇ ਦੇ ਰੂਪ 'ਚ ਤ੍ਰਿਵੈਣੀ ਇੰਜੀਨੀਅਰ ਐਂਡ ਕੰਸਟਰੱਕਸ਼ਨ ਕੰਪਨੀ ਨੂੰ ਲਗਭਗ 284 ਕਰੋੜ 'ਚ ਸੀਵਰੇਜ ਪ੍ਰਣਾਲੀ ਠੀਕ ਕਰਨ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਨਵੀਆਂ ਪਾਈਪਾਂ ਪਾਉਣ ਦਾ ਠੇਕਾ ਦਿੱਤਾ ਸੀ। ਕੰਪਨੀ ਦੇ ਕੰਮ ਤੋਂ ਨਾ ਤਾਂ ਕਦੇ ਕੌਂਸਲਰ ਖੁਸ਼ ਹੋਏ ਤੇ ਨਾ ਹੀ ਕਦੇ ਨਗਰ ਨਿਗਮ ਨੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਮੇਅਰ ਨੇ ਵੀ ਸਰਕਾਰ ਕੋਲ ਕਈ ਵਾਰ ਇਸ ਦੀ ਸ਼ਿਕਾਇਤ ਕੀਤੀ ਪਰ ਹਮੇਸ਼ਾ ਪਰਦਾ ਹੀ ਪਾਇਆ ਗਿਆ। 8 ਮਹੀਨੇ ਪਹਿਲਾਂ ਪੰਜਾਬ 'ਚ ਕਾਂਗਰਸ ਨੇ ਸੱਤਾ ਸੰਭਾਲੀ ਤੇ ਮੰਤਰੀਆਂ ਨੇ ਪਿਛਲੀ ਸਰਕਾਰ ਦੌਰਾਨ ਦਿੱਤੇ ਗਏ ਸਾਰੇ ਪ੍ਰਾਜੈਕਟਾਂ ਦੀ ਸਮੀਖਿਆ ਲਈ ਇਕ ਕਮੇਟੀ ਵੀ ਗਠਿਤ ਕੀਤੀ, ਜਿਸ 'ਚ ਤ੍ਰਿਵੈਣੀ ਦਾ ਨਾਮ ਵੀ ਸ਼ਾਮਲ ਹੋਇਆ। ਤ੍ਰਿਵੈਣੀ ਦੇ ਕੰਮ ਤੋਂ ਨਾ-ਖੁਸ਼ ਅਧਿਕਾਰੀਆਂ ਨੇ ਪਹਿਲਾਂ ਵੀ ਇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਸੀ। ਹੁਣ ਮੁੱਖ ਮੰਤਰੀ ਨੇ ਇਸ 'ਚ ਦਖਲਅੰਦਾਜ਼ੀ ਕਰਦੇ ਹੋਏ ਪੁਲਸ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ। ਡੀ. ਐੱਸ. ਪੀ. ਸਿਟੀ ਦਵਿੰਦਰ ਸਿੰਘ ਤ੍ਰਿਵੈਣੀ ਵੱਲੋਂ ਸਬ ਠੇਕੇਦਾਰਾਂ ਦੇ ਪੈਸੇ ਹੜੱਪਣ ਦੀ ਜਾਂਚ ਕੀਤੀ ਜਾਵੇਗੀ। 
ਸਬ ਠੇਕੇਦਾਰ ਕਨ੍ਹੱਈਆ ਲਾਲ ਨੇ ਆਪਣੀ ਜਮ੍ਹਾ ਪੂੰਜੀ ਖਰਚ ਕਰ ਕੇ ਤ੍ਰਿਵੈਣੀ ਦੇ ਕਈ ਕੰਮ ਕੀਤੇ ਅਤੇ ਪੈਸਾ ਦੇਣ 'ਚ ਕੰਪਨੀ ਆਨਾ-ਕਾਨੀ ਕਰਨ ਲੱਗੀ ਤਾਂ ਉਕਤ ਠੇਕੇਦਾਰ ਨੇ ਕੰਪਨੀ ਦੀ ਜੇ. ਸੀ. ਬੀ., ਟਰੈਕਟਰ ਸਮੇਤ ਕੁਝ ਹੋਰ ਉਪਕਰਨਾਂ ਨੂੰ ਕਬਜ਼ੇ 'ਚ ਲੈ ਲਿਆ ਸੀ ਪਰ ਮੇਅਰ ਦੀ ਦਖਲਅੰਦਾਜ਼ੀ ਤੋਂ ਬਾਅਦ ਡਿਪਟੀ ਮੇਅਰ ਗੁਰਵਿੰਦਰ ਕੌਰ ਮਾਂਗਟ ਦੀ ਅਗਵਾਈ ਹੇਠ ਕੌਂਸਲਰਾਂ ਸਮੇਤ ਇਕ ਕਮੇਟੀ ਗਠਿਤ ਕੀਤੀ ਸੀ, ਜਿਨ੍ਹਾਂ ਨੇ ਠੇਕੇਦਾਰ ਤੇ ਤ੍ਰਿਵੈਣੀ 'ਚ ਲਿਖਤੀ ਸਮਝੌਤਾ ਕਰਵਾਇਆ। ਕੁਝ ਦਿਨ ਤਾਂ ਠੀਕ ਲੰਘੇ ਪਰ ਬਾਅਦ 'ਚ ਤ੍ਰਿਵੈਣੀ ਵਾਅਦੇ ਤੋਂ ਮੁਕਰੀ ਅਤੇ ਸਿਰਫ 25 ਲੱਖ ਦੇ ਅੱਧੇ ਅਧੂਰੇ ਬਿੱਲਾਂ ਦੇ ਦਸਤਾਵੇਜ਼ ਤਿਆਰ ਕਰਵਾਏ ਪਰ ਦਿੱਤੀ ਫੁੱਟੀ ਕੌਡੀ ਵੀ ਨਹੀਂ। ਪੀੜਤ ਠੇਕੇਦਾਰ ਨੇ ਇਸ ਸਬੰਧੀ ਐੱਸ. ਐੱਸ. ਪੀ. ਬਠਿੰਡਾ ਸਮੇਤ ਮੁੱਖ ਮੰਤਰੀ ਨੂੰ ਪੱਤਰ ਲਿਖਿਆ, ਜਿਸ ਕਾਰਨ ਮੁੱਖ ਮੰਤਰੀ ਨੇ ਇਸ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ. ਜੀ. ਪੀ. ਪੰਜਾਬ ਨੂੰ ਨਿਰਦੇਸ਼ ਜਾਰੀ ਕਰ ਕੇ ਜਾਂਚ ਕਰਨ ਲਈ ਕਿਹਾ। ਡੀ. ਜੀ. ਪੀ. ਵੱਲੋਂ ਐੱਸ. ਐੱਸ. ਪੀ. ਬਠਿੰਡਾ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ, ਜਿਨ੍ਹਾਂ ਨੇ ਡੀ. ਐੱਸ. ਪੀ. 1 ਦਵਿੰਦਰ ਸਿੰਘ ਦੀ ਡਿਊਟੀ ਲਾਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਪੀੜਤ ਠੇਕੇਦਾਰ ਦੇ ਬਿਆਨ ਪੁਲਸ ਨੇ ਕਲਮਬੱਧ ਕੀਤੇ ਅਤੇ ਅਗਲੀ ਕਾਰਵਾਈ ਜਾਰੀ ਰੱਖੀ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੋਰ ਛੋਟੇ ਠੇਕੇਦਾਰਾਂ ਹਾਕਮ ਸਿੰਘ, ਸੁਖਦੇਵ ਸਿੰਘ, ਰਜਿੰਦਰ ਕੁੱਕੂ ਨੇ ਮਿਲ ਕੇ ਤ੍ਰਿਵੈਣੀ ਵੱਲੋਂ ਬਿੱਲਾਂ ਦਾ ਭੁਗਤਾਨ ਨਾ ਕਰਨ ਦੇ ਬਦਲੇ ਉਨ੍ਹਾਂ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਤੁਰੰਤ 50 ਲੱਖ ਰੁਪਏ ਦਾ ਪ੍ਰਬੰਧ ਕਰ ਕੇ ਠੇਕੇਦਾਰਾਂ ਦਾ ਭੁਗਤਾਨ ਵੀ ਕੀਤਾ। ਹੁਣ ਨਗਰ ਨਿਗਮ ਵੀ ਤ੍ਰਿਵੈਣੀ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ। ਇਸ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਤ੍ਰਿਵੈਣੀ ਵੱਲੋਂ ਦਿੱਤਾ ਗਿਆ ਸਮਾਂ ਖਤਮ ਹੋ ਗਿਆ ਹੈ, ਜਦੋਂ ਕਿ ਹੁਣ ਤੱਕ 60 ਫੀਸਦੀ ਕੰਮ ਵੀ ਪੂਰਾ ਨਹੀਂ ਹੋਇਆ। ਸ਼ਹਿਰ ਦੀ ਨਰਕ ਭਰੀ ਵਿਵਸਥਾ ਲਈ ਤ੍ਰਿਵੈਣੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਹੈ। 
100 ਕਰੋੜ ਤੱਕ ਦੇ ਕੰਮ ਅਜੇ ਪੈਂਡਿੰਗ ਪਏ
ਜਾਣਕਾਰੀ ਅਨੁਸਾਰ ਲਗਭਗ 100 ਕਰੋੜ ਦੇ ਅਜਿਹੇ ਕੰਮ ਹਨ, ਜਿਨ੍ਹਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ, ਉਹ ਅਜੇ ਪੈਂਡਿੰਗ ਪਏ ਹਨ। ਇਨ੍ਹਾਂ 'ਚੋਂ ਕੁਝ ਦੇ ਨਕਸ਼ੇ ਨਹੀਂ ਬਣੇ, ਕੁਝ ਦਾ ਫਰੰਟ ਫਾਈਨਲ ਨਹੀਂ। ਬਹੁਤੇ ਕੰਮਾਂ 'ਚ ਵਣ ਵਿਭਾਗ ਤੋਂ ਲੈ ਕੇ ਪੀ. ਡਬਲਿਊ. ਡੀ., ਬੀ. ਐੱਸ. ਐੱਨ. ਐੱਲ. ਦੀ ਐੱਨ. ਓ. ਸੀਜ਼ ਵੀ ਪੈਂਡਿੰਗ ਹਨ। ਜ਼ਿਕਰਯੋਗ ਹੈ ਕਿ 1200 ਆਰ. ਸੀ. ਸੀ. ਰਾਈਜ਼ਿੰਗ ਮੇਨ 12.5 ਕਿਲੋਮੀਟਰ ਜੋ ਲਸਾੜਾ ਡਰੇਨ ਤੱਕ ਬਣਨੀ ਹੈ, 15 ਕਰੋੜ ਦਾ ਕੰਮ ਹੈ। ਇਹ ਅਜੇ 3.1 ਕਿਲੋਮੀਟਰ ਹੀ ਬਣੀ ਹੈ। ਕੋਰਟ ਤੱਕ ਵੀ ਮਾਮਲੇ ਪਹੁੰਚੇ ਹਨ। ਨਗਰ ਨਿਗਮ ਨੇ ਇਸ 'ਚ ਆਪਣਾ ਹੋਮਵਰਕ ਪੂਰਾ ਨਹੀਂ ਕੀਤਾ ਸੀ। ਲਸਾੜਾ ਡਰੇਨ ਤੱਕ ਰਾਈਜ਼ਿੰਗ ਮੇਨ ਪਾਉਣ ਲਈ ਨਕਸ਼ੇ ਦੇ ਹਿਸਾਬ ਨਾਲ ਪਹਿਲਾਂ ਤੋਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣੀਆਂ ਚਾਹੀਦੀਆਂ ਸਨ। ਇਸੇ ਤਰ੍ਹਾਂ 760 ਐੱਮ. ਐੱਮ. ਪੀ. ਟੀ. ਸੀ. ਵਰਕ ਸਲੇਜ ਕਰੀਅਰ ਤੋਂ ਲੈ ਕੇ ਡਬਵਾਲੀ ਰੋਡ ਤੋਂ ਗੋਨਿਆਣਾ ਰੋਡ ਤੱਕ ਸੀਵਰੇਜ ਲਾਈਨ ਦਾ ਪ੍ਰਾਜੈਕਟ ਵੱਡਾ ਕੰਮ ਹੈ, ਇਸ 'ਤੇ ਲਗਭਗ 12 ਕਰੋੜ ਦੀ ਰਾਸ਼ੀ ਖਰਚ ਹੋਣੀ ਹੈ। ਇਸ ਕੰਮ 'ਚ ਅਜੇ ਗੋਨਿਆਣਾ ਰੋਡ 'ਤੇ ਕੰਮ ਸ਼ੁਰੂ ਹੈ। ਇਸ ਤੋਂ ਇਲਾਵਾ 500 ਐੱਮ. ਐੱਮ. ਡੀ. ਆਈ ਲਾਈਨ ਨਿਊ ਸੀਵਰੇਜ ਟਰੀਟਮੈਂਟ ਪਲਾਂਟ (ਐੱਸ. ਟੀ. ਪੀ.) ਆਦਰਸ਼ ਨਗਰ ਤੋਂ ਚੰਦਰਭਾਨ ਡਰੇਨ ਤੱਕ 16.5 ਕਿਲੋਮੀਟਰ ਦਾ ਪ੍ਰਾਜੈਕਟ ਮਹਾਨਗਰ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ। 15 ਕਰੋੜ ਲਾਈਨ ਲਈ ਅਤੇ 6.5 ਕਰੋੜ ਐੱਸ. ਟੀ. ਪੀ. 'ਤੇ ਖਰਚ ਹੋਣੇ ਹਨ। ਇਸੇ ਤਰ੍ਹਾਂ 21.5 ਕਰੋੜ ਦੇ ਉਕਤ ਪ੍ਰਾਜੈਕਟ ਲਈ ਨਕਸ਼ਾ ਫਾਈਨਲ ਨਹੀਂ ਹੈ। ਇਸੇ ਤਰ੍ਹਾਂ ਵਾਟਰ ਟਰੀਟਮੈਂਟ ਪਲਾਂਟ (ਡਬਲਿਊ. ਟੀ. ਪੀ.) 2.5 ਕਰੋੜ, ਸਟੋਰੇਜ ਐਂਡ ਸੈਨੀਟੇਸ਼ਨ ਟੈਂਕ (ਐੱਸ. ਟੀ. ਐੱਸ. ਟੈਂਕ) 9.37 ਕਰੋੜ ਆਦਿ ਅਜਿਹੇ ਕੰਮ ਹਨ, ਜਿਨ੍ਹਾਂ 'ਤੇ ਘੱਟ ਧਿਆਨ ਦਿੱਤਾ ਗਿਆ। ਜੇਕਰ ਕੰਪਨੀ ਨੂੰ ਐਕਸਟੈਂਸ਼ਨ ਨਹੀਂ ਮਿਲਦੀ ਤਾਂ ਇਹ ਕੰਮ ਅਧੂਰੇ ਰਹਿ ਜਾਣਗੇ। 
ਨਿਗਮ ਨੇ ਕੰਮ ਦੇ ਬਦਲੇ 'ਚ 5 ਕਰੋੜ ਦਾ ਭੁਗਤਾਨ ਰੋਕਿਆ : ਤ੍ਰਿਵੈਣੀ
ਤ੍ਰਿਵੈਣੀ ਦੇ ਡੀ. ਜੀ. ਐੱਮ. ਵੀ. ਬੀ. ਸ਼ਿਵਾਨਗੀ ਕਹਿੰਦੇ ਹਨ ਕਿ ਉਨ੍ਹਾਂ ਨੇ ਠੇਕੇਦਾਰ ਤੋਂ ਕੰਮ ਕਰਵਾਇਆ ਹੈ ਅਤੇ ਉਸ ਦੇ ਪੈਸੇ ਦੇਣੇ ਹਨ ਪਰ ਉਸ ਨੂੰ ਨਗਰ ਨਿਗਮ ਵੱਲੋਂ ਭੁਗਤਾਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੇ ਲਗਭਗ ਪੰਜ ਕਰੋੜ ਦੇ ਬਿੱਲ ਲਟਕੇ ਹੋਏ ਹਨ। ਪੰਜ ਕਰੋੜ ਹੋਰ ਹੈ ਜੋ ਕੰਮ ਲਗਭਗ ਫਾਈਨਲ ਹੈ, ਇਸ ਦੇ ਬਿੱਲ ਜਮ੍ਹਾ ਕਰਵਾ ਦਿੱਤੇ ਗਏ ਹਨ ਪਰ ਭੁਗਤਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਉਨ੍ਹਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰੇਗਾ ਤਾਂ ਉਹ ਠੇਕੇਦਾਰਾਂ ਦੀ ਪਾਈ-ਪਾਈ ਦੇ ਦੇਣਗੇ। 
ਤ੍ਰਿਵੈਣੀ ਨੂੰ ਜੁਰਮਾਨਾ ਹੋਇਆ 7.50 ਕਰੋੜ, ਵਸੂਲੇ ਸਿਰਫ 50 ਲੱਖ
ਤ੍ਰਿਵੈਣੀ ਨੂੰ ਸਮੇਂ ਸਿਰ ਕੰਮ ਨਾ ਕਰਨ 'ਤੇ ਸੀਵਰੇਜ ਬੋਰਡ ਵੱਲੋਂ ਕਾਗਜ਼ਾਂ 'ਚ ਲਾਏ ਸਾਢੇ 7 ਕਰੋੜ ਰੁਪਏ ਜੁਰਮਾਨੇ 'ਚੋਂ ਸਿਰਫ 50 ਲੱਖ ਰੁਪਏ ਦੀ ਵਸੂਲੀ ਬੋਰਡ ਹੁਣ ਤੱਕ ਕਰ ਸਕਿਆ ਹੈ। ਇਹ ਵਸੂਲੀ ਵੀ ਕੰਪਨੀ ਦੇ ਬਿੱਲਾਂ 'ਚ ਕਟੌਤੀ ਕਰ ਦਿੱਤੀ ਗਈ ਹੈ, ਉਥੇ ਇਸ ਦੇ ਖਿਲਾਫ ਕੰਪਨੀ ਨੇ ਸੀਵਰੇਜ ਬੋਰਡ ਦੇ ਐੱਸ. ਈ. ਕੋਲ ਪਾਈ ਅਪੀਲ 'ਚ ਇਸ ਜੁਰਮਾਨੇ ਦੀ ਕਟੌਤੀ ਨੂੰ ਗਲਤ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਵੱਲੋਂ ਪ੍ਰਾਜੈਕਟ ਦੇ ਤਹਿਤ ਜਿੰਨਾ ਵੀ ਫਰੰਟ ਮੁਹੱਈਆ ਕਰਵਾਇਆ ਗਿਆ ਹੈ, ਉਸ ਦਾ 80 ਫੀਸਦੀ ਕੰਮ ਪੂਰਾ ਕਰ ਦਿੱਤਾ ਗਿਆ ਹੈ ਜਦੋਂ ਕਿ ਦੂਜੇ ਪਾਸੇ ਸੀਵਰੇਜ ਬੋਰਡ ਦਾ ਤਰਕ ਹੈ ਕਿ ਕੰਪਨੀ ਆਪਣੀ ਮਨਮਰਜ਼ੀ ਨਾਲ ਕੰਮ ਕਰ ਰਹੀ ਹੈ, ਜੋ ਕੰਮ ਉਨ੍ਹਾਂ ਨੂੰ ਕਰਨ ਲਈ ਦਿੱਤਾ ਜਾ ਰਿਹਾ ਹੈ, ਉਸ ਨੂੰ ਛੱਡ ਕੇ ਹੋਰ ਕੰਮਾਂ ਨੂੰ ਪਹਿਲਾਂ ਕਰ ਰਹੀ ਹੈ, ਜਿਸ ਕਾਰਨ ਪ੍ਰਾਜੈਕਟ ਦੇ ਅਹਿਮ ਕੰਮਾਂ 'ਚ ਦੇਰੀ ਹੋ ਰਹੀ ਹੈ। ਜੁਰਮਾਨੇ ਨੂੰ ਲੈ ਕੇ ਦੋਵੇਂ ਵਿਭਾਗ ਆਹਮਣੇ-ਸਾਹਮਣੇ ਹਨ। ਐੱਸ. ਈ. ਨੇ ਫਿਲਹਾਲ ਤ੍ਰਿਵੈਣੀ ਦੇ ਵਸੂਲੇ ਜਾਣ ਵਾਲੇ ਬਕਾਇਆ ਸੱਤ ਕਰੋੜ ਨੂੰ ਅਗਲੇ ਹੁਕਮ ਤੱਕ ਰੋਕ ਲਾ ਦਿੱਤੀ ਹੈ। 


Related News