ਮੁੱਖ ਮੰਤਰੀਆਂ ਨੇ ਪੰਜਾਬ ਦੇ ਅਸਲ ਦਰਦ ਨੂੰ ਗੰਭੀਰਤਾ ਨਾਲ ਨਹੀਂ ਲਿਆ : ਪਰਮਿੰਦਰ ਢੀਂਡਸਾ

Monday, Nov 01, 2021 - 04:54 PM (IST)

ਮੁੱਖ ਮੰਤਰੀਆਂ ਨੇ ਪੰਜਾਬ ਦੇ ਅਸਲ ਦਰਦ ਨੂੰ ਗੰਭੀਰਤਾ ਨਾਲ ਨਹੀਂ ਲਿਆ : ਪਰਮਿੰਦਰ ਢੀਂਡਸਾ

ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਅਤੇ ਪੰਜਾਬੀ ਹੋਂਦ ਨਾਲ ਮਸਲਿਆਂ ਉੱਪਰ ਪੰਜਾਬੀਆਂ ਦੀ ਇੱਕਜੁੱਟਤਾ ਉੱਪਰ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਬਣੇ ਮੁੱਖ ਮੰਤਰੀਆਂ ਨੇ ਪੰਜਾਬ ਦੇ ਅਸਲ ਦਰਦ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਪੰਜਾਬੀਆਂ ਦੇ ਮਸਲੇ ਹੋਰ ਪੇਚੀਦਾ ਹੁੰਦੇ ਗਏ। ਢੀਂਡਸਾ ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਪੰਜਾਬੀਆਂ ਨੇ ਵੱਡਾ ਸੰਤਾਪ ਭੋਗਿਆ। ਇਹ ਦੁਖਾਂਤ ਜਖ਼ਮ ਅਜੇ ਤੱਕ ਅੱਲ੍ਹੇ ਹਨ। ਸਿਤਮ ਦੀ ਗੱਲ ਇਹ ਹੈ ਕਿ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਦੌਰਾਨ ਮੁਹਰੀ ਰੋਲ ਨਿਭਾਉਣ ਵਾਲੇ ਪੰਜਾਬੀਆਂ ਨੂੰ ਪੰਜਾਬੀ ਸੂਬਾ ਲੈਣ ਲਈ ਲੰਬਾ ਸੰਘਰਸ਼ ਕਰਨ ਪਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਸਮਾਂ ਗੁਜਾਰਨਾ ਪਿਆ। 

ਢੀਂਡਸਾ ਨੇ ਕਿਹਾ ਕਿ ਪਹਿਲੀ ਨਵੰਬਰ 1966 ਨੂੰ ਪੰਜਾਬੀਆਂ ਨੂੰ ਇੱਕ ਉਮੀਦ ਬੱਝੀ ਸੀ ਕਿ ਨਵਾਂ ਪੰਜਾਬੀ ਸੂਬਾ ਬਣਨ ਨਾਲ ਇਹ ਇਲਾਕਾ ਹਰ ਖੇਤਰ ਵਿੱਚ ਬੁਲੰਦੀ ਦੀਆਂ ਸਿਖਰਾਂ ਨੂੰ ਛੋਹੇਗਾ। ਪਹਿਲਾਂ ਤਾਂ ਸੂਬਾ ਬਣਾਉਣ ਵੇਲੇ ਹੀ ਦੇਸ਼ ਦੇ ਆਗੂਆਂ ਨੇ ਵਿਸਵਾਸ਼ਘਾਤ ਕੀਤਾ। ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਨਵੇਂ ਸੂਬਾ ਵਿੱਚ ਸ਼ਾਮਲ ਨਹੀਂ ਕੀਤੇ ਗਏ ਤੇ ਚੰਡੀਗੜ੍ਹ ਤੇ ਪਾਣੀਆਂ ਦੀ ਸਮੱਸਿਆ ਖੜ੍ਹੀ ਕਰ ਦਿੱਤੀ ਗਈ। ਦੇਸ਼ ਦੇ ਅਮੀਰ ਸੂਬਿਆਂ ਵਿੱਚ ਜਾਣਿਆਂ ਜਾਂਦਾ ਪੰਜਾਬੀ ਹਰ ਖੇਤਰ ਵਿੱਚ ਕਮਜ਼ੋਰ ਹੁੰਦਾ ਗਿਆ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਦੀ ਹੋਂਦ ਦੇ ਮੁੱਦਿਆਂ ਦੇ ਹੱਕਾਂ ਲਈ ਲੜੇਗਾ ਅਤੇ ਪੰਜਾਬੀਆਂ ਨੂੰ ਨਵੀਂ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰੇਗਾ। 

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹੱਕਾਂ ਦਾ ਪਹਿਰੇਦਾਰ ਹੋ ਕੇ ਸਿਆਸੀ ਲੜਾਈ ਦਾ ਅਗਾਜ ਕਰੇਗੀ। ਉਨ੍ਹਾਂ ਨੇ ਦੇਸ਼ ਕੇਂਦਰੀ ਸਕੂਲ ਸਿੱਖਿਆ ਬੋਰਡ ਅਦਾਰੇ ਵੱਲੋਂ ਪੰਜਾਬੀ ਨਾਲ ਕੀਤੀ ਜਿਆਦਤੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੇ ਪੰਜਾਬੀ ਨਾਲ ਲਗਾਤਾਰ ਧੱਕਾ ਹੁੰਦਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਤੇ ਪੰਜਾਬੀ ਦੇ ਵਿਕਾਸ ਲਈ ਸਮੂਹ ਲੋਕਾਂ ਨੂੰ ਲਹਿਰ ਉਸਾਰਨ ਦਾ ਸੱਦਾ ਦਿੱਤਾ।
 


author

rajwinder kaur

Content Editor

Related News