ਮੁੱਖ ਮੰਤਰੀ ਸਾਹਿਬ! ਇਨ੍ਹਾਂ ਮੁਹੱਲਿਆਂ ਦੇ ਨਾਂ ਚੇਂਜ ਕਰਵਾ ਦਿਓ, ਵਿਆਹ ਨਹੀਂ ਹੁੰਦੇ ਬੱਚਿਆਂ ਦੇ
Monday, Mar 12, 2018 - 10:21 AM (IST)
ਅੰਮ੍ਰਿਤਸਰ (ਜ. ਬ., ਨਵਦੀਪ) - ਮੁੱਖ ਮੰਤਰੀ ਸਾਹਿਬ! ਗੁਰੂ ਨਗਰੀ 'ਚ ਕਈ ਅਜਿਹੇ ਮੁਹੱਲੇ ਹਨ ਜਿਨ੍ਹਾਂ ਦੇ ਅਜਿਹੇ ਨਾਂ ਸਰਕਾਰੀ ਕਾਗਜ਼ਾਂ 'ਚ ਲਿਖੇ ਹਨ ਜਿਨ੍ਹਾਂ ਨੂੰ ਦੱਸਦੇ ਹੋਏ ਵੀ ਸ਼ਰਮ ਆਉਂਦੀ ਹੈ। ਇਹੀ ਨਹੀਂ, ਅਜਿਹੇ ਨਾਵਾਂ ਦੀਆਂ ਗਲੀਆਂ ਵੀ ਹਨ ਜਿਨ੍ਹਾਂ ਦੇ ਨਾਂ ਸੁਣ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ। ਸ਼ਹਿਰ 'ਚ ਖੋਤੀਆਂ ਵਾਲੀ ਗਲੀ, ਖੁਸਰਿਆਂ ਵਾਲੀ ਗਲੀ, ਛੜਿਆਂ ਵਾਲੀ ਗਲੀ, ਭੂਤਨਪੁਰਾ, ਕੁੱਤਿਆਂ ਵਾਲੀ ਗਲੀ, ਖੋਤੀ ਮੁਹੱਲਾ ਅਜਿਹੇ ਕਈ ਨਾਂ ਹਨ ਜਿਨ੍ਹਾਂ ਨੂੰ ਦੱਸਣ 'ਚ ਹਰ ਕੋਈ ਸ਼ਰਮਾਉਂਦਾ ਹੈ। ਇਥੋਂ ਤੱਕ ਕਿ ਇਨ੍ਹਾਂ ਗਲੀਆਂ-ਮੁਹੱਲਿਆਂ 'ਚ ਬੱਚਿਆਂ ਦੇ ਵਿਆਹ ਵੀ ਬੜੀ ਮੁਸ਼ਕਲ ਨਾਲ ਹੋ ਰਹੇ ਹਨ। ਅਜਿਹੇ 'ਚ ਇਨ੍ਹਾਂ ਇਲਾਕਿਆਂ ਦੇ ਨੌਜਵਾਨ ਆਪਣੇ ਮੁਹੱਲਿਆਂ ਦੇ ਨਾਵਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ, ਜੋ ਬਦਲੇ ਜਾਣੇ ਚਾਹੀਦੇ ਹਨ।
ਇਹ ਚਿੱਠੀ ਲਿਖਣ ਵਾਲੇ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਤੇ ਪ੍ਰੈੱਸ ਸਕੱਤਰ ਜਗਦੀਪ ਭਾਟੀਆ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਮੁਹੱਲਿਆਂ ਦੇ ਨਾਂ ਬਦਲ ਕੇ ਦੇਸ਼ ਦੇ ਸ਼ਹੀਦਾਂ ਜਾਂ ਹੋਰਨਾਂ ਦੇ ਨਾਂ 'ਤੇ ਰੱਖੇ ਜਾਣ ਕਿਉਂਕਿ ਇਹ ਨਾਂ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਬਸ਼ਿੰਦਾ ਦੱਸਣ ਤੋਂ ਵੀ ਸ਼ਰਮ ਮਹਿਸੂਸ ਕਰਦਾ ਹੈ। ਇਨ੍ਹਾਂ ਇਲਾਕਿਆਂ 'ਚ ਕਈ ਲੋਕ ਅਜਿਹੇ ਹਨ ਜੋ ਆਪਣੇ ਗਲੀ ਜਾਂ ਮੁਹੱਲੇ ਦਾ ਨਾਂ ਨਾ ਦੱਸ ਕੇ ਆਲੇ-ਦੁਆਲੇ ਦੇ ਮੁਹੱਲਿਆਂ ਦਾ ਸਹਾਰਾ ਲੈ ਕੇ ਦੱਸਦੇ ਹਨ ਕਿ ਉਸ ਮੁਹੱਲੇ 'ਚ ਜਾਂ ਉਸ ਦੇ ਕੋਲ ਹੀ ਉਨ੍ਹਾਂ ਦਾ ਘਰ ਹੈ।
ਉਧਰ, ਕਾਂਗਰਸੀ ਕੌਂਸਲਰ ਪ੍ਰਮੋਦ ਬਬਲਾ ਕਹਿੰਦੇ ਹਨ ਕਿ ਇਹ ਇਲਾਕਾ ਬਹੁਤ ਪੱਛੜਿਆ ਹੋਇਆ ਹੈ। ਇਲਾਕਾ ਵਸਿਆ ਹੈ, ਵਸਾਇਆ ਨਹੀਂ ਗਿਆ, ਅਜਿਹੇ 'ਚ ਗਲੀਆਂ ਦੇ ਨਾਂ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਹਨ, ਜੋ ਕਦੇ ਪ੍ਰਚੱਲਿਤ ਹੋਇਆ ਕਰਦੇ ਸਨ। ਮੈਂ ਇਲਾਕੇ ਦੇ ਲੋਕਾਂ ਨਾਲ ਪ੍ਰਣ ਕੀਤਾ ਹੈ ਕਿ ਜੇ ਇਨ੍ਹਾਂ ਇਲਾਕਿਆਂ ਦੀਆਂ ਗਲੀਆਂ ਤੇ ਮੁਹੱਲਿਆਂ ਦੇ ਨਾਂ ਬਦਲਵਾਉਣ ਲਈ ਕਾਨੂੰਨੀ ਲੜਾਈ ਲੜਣੀ ਪਈ ਤਾਂ ਉਹ ਪਿੱਛੇ ਨਹੀਂ ਹਟਣਗੇ। ਮੈਂ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਨੂੰ ਇਨ੍ਹਾਂ ਇਲਾਕਿਆਂ ਦਾ ਨਾਂ ਬਦਲਣ ਲਈ ਪੰਜਾਬ ਸਰਕਾਰ ਤੋਂ ਇਜਾਜ਼ਤ ਲੈਣ ਲਈ ਕਹਾਂਗਾ। ਕੌਂਸਲਰ ਮੰਨਦੇ ਹਨ ਕਿ ਇਨ੍ਹਾਂ ਮੁਹੱਲਿਆਂ ਦੇ ਨਾਂ ਸੁਣਨ ਤੋਂ ਬਾਅਦ ਰਿਸ਼ਤੇ ਜਲਦੀ ਨਹੀਂ ਹੁੰਦੇ, ਕਈ ਲੋਕ ਰਿਸ਼ਤੇਦਾਰੀ ਬਣਾਉਣ ਲਈ ਪਤਾ ਬਦਲ ਲੈਂਦੇ ਹਨ, ਰਹਿੰਦੇ ਹਨ ਇਥੇ ਤੇ ਦਸਤਾਵੇਜ਼ ਰਿਸ਼ਤੇਦਾਰਾਂ ਦੇ ਪਤੇ 'ਤੇ ਬਣਾ ਰੱਖੇ ਹਨ।
ਆਧਾਰ ਕਾਰਡ ਬਣਵਾਉਣ ਲਈ ਰਿਸ਼ਤੇਦਾਰਾਂ ਦਾ ਦਿੰਦੇ ਹਨ ਪਤਾ
ਛੜਿਆਂ ਵਾਲੀ ਗਲੀ ਦੇ ਰਹਿਣ ਵਾਲੇ ਰਾਜੂ ਨੇ ਦੱਸਿਆ ਕਿ ਸਾਨੂੰ ਤਾਂ ਗਲੀ ਦਾ ਨਾਂ ਲੈਂਦੇ ਹੀ ਸ਼ਰਮ ਆਉਂਦੀ ਹੈ। ਕਈ ਲੋਕ ਹਨ ਜੋ ਆਧਾਰ ਕਾਰਡ ਤੇ ਪਾਸਪੋਰਟ ਰਿਸ਼ਤੇਦਾਰਾਂ ਦੇ ਪਤੇ 'ਤੇ ਬਣਵਾਉਂਦੇ ਹਨ। ਕੀ ਕਰੀਏ ਅਜਿਹੇ ਨਾਂ ਪ੍ਰਚਲਨ 'ਚ ਹਨ ਜਿਨ੍ਹਾਂ ਨੂੰ ਦੱਸਦੇ ਵੀ ਆਦਮੀ ਸ਼ਰਮ ਮਹਿਸੂਸ ਕਰਦਾ ਹੈ। ਖੋਤੀਆਂ ਵਾਲੀ ਗਲੀ 'ਚ ਰਹਿਣ ਵਾਲਾ ਮੁਕੇਸ਼ ਕਹਿੰਦਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਨਾਂ ਬਦਲੇ ਜਾਣ ਤਾਂ ਕਿ ਲੋਕ ਆਪਣੇ ਘਰ ਦਾ ਪਤਾ ਦੱਸਣ 'ਚ ਸ਼ਰਮ ਮਹਿਸੂਸ ਨਾ ਕਰਨ।
