ਚੀਫ ਖਾਲਸਾ ਦੀਵਾਨ ਦੀਆਂ ਚੋਣਾਂ 'ਤੇ ਲੱਗੇ ਸਟੇਅ ਦੀ ਸੁਣਵਾਈ 17 ਤੱਕ ਟਲੀ

12/07/2018 10:02:17 PM

ਅੰਮ੍ਰਿਤਸਰ (ਮਮਤਾ) : ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋਣ ਵਾਲੀਆ ਚੋਣਾਂ 'ਤੇ ਲੱਗੇ ਸਟੇਅ ਸਬੰਧੀ ਸੁਣਵਾਈ ਅੱਜ ਮਾਣਯੋਗ ਅਦਾਲਤ ਵਲੋਂ 17 ਦਸੰਬਰ ਤੱਕ ਟਾਲ ਦਿੱਤੀ ਗਈ ਹੈ। ਚੋਣ 'ਤੇ ਸਟੇਅ ਚੀਫ ਖਾਲਸਾ ਦੀਵਾਨ ਦੇ ਮੈਂਬਰ ਹਰਜੀਤ ਸਿੰਘ ਸਚਦੇਵਾ ਵਲੋਂ 1 ਦਸੰਬਰ ਨੂੰ ਦਾਇਰ ਕੀਤੀ ਪਟੀਸ਼ਨ 'ਤੇ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ ਨੂੰ ਵੋਟਰ ਸੂਚੀਆਂ ਵਿਚ ਸੁਧਾਈ ਨਾ ਕਰਨ ਦੇ ਮਾਮਲੇ 'ਤੇ ਤਲਬ ਕੀਤਾ ਗਿਆ ਸੀ। ਅੱਜ ਦੀਵਾਨ ਵਲੋਂ ਜਿੱਥੇ ਮਾਣਯੋਗ ਅਦਾਲਤ ਵਿਚ ਆਪਣਾ ਪੱਖ ਰੱਖਿਆ ਗਿਆ, ਉਥੇ ਹੀ ਚੱਢਾ ਧੜੇ ਵਲੋਂ ਪ੍ਰਧਾਨਗੀ ਅਹੁਦੇ ਦੇ ਉਮੀਦਵਾਰ ਸਰਬਜੀਤ ਸਿੰਘ ਦੇ ਪੁੱਤਰ ਚੰਨਜੀਤ ਸਿੰਘ ਅਤੇ ਦੀਵਾਨ ਦੇ ਮੈਂਬਰ ਅਮਰੀਕ ਸਿੰਘ ਭਾਟੀਆ ਵਲੋਂ ਧਾਰਾ 1/10 ਦੇ ਤਹਿਤ ਇਸ ਮਾਮਲੇ ਵਿਚ ਅਪੀਲ ਦਾਇਰ ਕਰਕੇ ਇਸ ਕੇਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਗਈ। ਦੂਸਰੇ ਪਾਸੇ ਨਿਰਮਲ ਸਿੰਘ ਧੜੇ ਵਲੋਂ ਵੀ 10 ਦਸੰਬਰ ਨੂੰ ਸਟੇਅ ਤੋੜਨ ਸਬੰਧੀ ਅਦਾਲਤ ਵਿਚ ਅਪੀਲ ਦਾਇਰ ਕੀਤੀ ਜਾਵੇਗੀ।
ਚੀਫ ਖਾਲਸਾ ਦੀਵਾਨ ਦੀਆ ਚੋਣਾ ਨੂੰ ਲੈ ਕੇ ਸ਼ੁਰੂ ਹੋਈ ਅਦਾਲਤੀ ਲੜਾਈ 'ਤੇ ਚਿੰਤਾ ਜਿਤਾਉਂਦੇ ਹੋਏ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਨੇ ਇਸ ਨੂੰ ਚੱਢਾ ਧੜੇ ਦੀ ਗਿਣੀ ਮਿੱਥੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾ ਕਿਹਾ ਕਿ ਅਦਾਲਤੀ ਪ੍ਰਕਿਰਿਆ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ ਪਰ ਫਿਰ ਵੀ ਉਹ ਮਾਣਯੋਗ ਅਦਾਲਤ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇ ਤਾਂ ਫਿਰ ਉਸ 'ਤੇ ਸਟੇਅ ਨਹੀਂ ਹੁੰਦਾ ਪਰ ਇੱਥੇ ਤਾਂ ਸਾਰੀ ਚੋਣ ਪ੍ਰਕਿਰਿਆ ਹੀ ਪੂਰੀ ਹੋ ਗਈ ਸੀ। ਇਸ ਦੇ ਬਾਵਜੂਦ ਸਟੇਅ ਦੇ ਦਿੱਤਾ ਗਿਆ। ਉਨ੍ਹਾ ਕਿਹਾ ਕਿ ਮਾਣਯੋਗ ਅਦਾਲਤ ਵਿਚ ਇਸ ਸਬੰਧੀ ਅਪੀਲ ਜਲਦ ਹੀ ਦਾਇਰ ਕੀਤੀ ਜਾਵੇਗੀ। ਅਣਖੀ ਨੇ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ 17 ਨਵੰਬਰ ਨੂੰ ਜਦੋਂ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਅਤੇ ਵੋਟਾਂ ਸਬੰਧੀ ਕਿਸੇ ਤਰ੍ਹਾਂ ਦੇ ਇਤਰਾਜ਼ ਸਬੰਧੀ ਮੀਟਿੰਗ ਹੋਈ ਤਾਂ ਉਸ ਵੇਲੇ ਚੱਢਾ ਧੜੇ ਵਲੋਂ ਕੋਈ ਵੀ ਇਤਰਾਜ਼ ਦਾਇਰ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੀ ਚੋਣ ਪ੍ਰਕਿਰਿਆ ਸਹੀ ਤਰੀਕੇ ਨਾਲ ਚੱਲ ਰਹੀ ਸੀ। ਕਾਰਜਕਾਰਨੀ ਦੀ ਮੀਟਿੰਗ ਵਿਚ ਵਿਰੋਧੀ ਧੜੇ ਦੀ ਹਾਜ਼ਰੀ ਵਿਚ ਜਾਅਲੀ ਵੋਟਾ ਕੱਟੀਆਂ ਜਾ ਚੁੱਕੀਆ ਸਨ, ਇਸ ਦੇ ਬਾਵਜੂਦ ਚੋਣ ਵਿਚ ਖੱਲਲ ਪਾਉਣਾ ਕਿਸੇ ਸਾਜ਼ਿਸ਼ ਦਾ ਨਤੀਜਾ ਹੀ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਚੱਢਾ ਧੜਾ ਚੋਣਾਂ ਨੂੰ ਹਰ ਹੀਲੇ ਟਾਲਣਾ ਚਾਹੁੰਦਾ ਸੀ, ਜਿਸ ਕਰਕੇ ਉਨ੍ਹਾ ਵਲੋਂ ਕੋਝੀਆਂ ਹਰਕਤਾਂ ਕੀਤੀਆ ਜਾ ਰਹੀਆ ਸਨ। ਉਨ੍ਹਾ ਦੁਹਰਾਇਆ ਕਿ ਅਜਿਹਾ ਕਰਕੇ ਚੱਢਾ ਧੜੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਵੀ ਤੌਹੀਨ ਕੀਤੀ ਗਈ।


Gurminder Singh

Content Editor

Related News