ਚੀਫ ਖਾਲਸਾ ਦੀਵਾਨ ''ਤੇ ਚੱਢਾ ਧੜਾ ਮੁੜ ਕਾਬਜ਼
Monday, Mar 26, 2018 - 07:22 AM (IST)

ਅੰਮ੍ਰਿਤਸਰ (ਮਮਤਾ) - ਚੀਫ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ। ਇਕ ਵਾਰ ਫਿਰ ਤੋਂ ਚੱਢਾ ਧੜਾ ਹੀ ਦੀਵਾਨ 'ਤੇ ਕਾਬਜ਼ ਹੋ ਗਿਆ। ਚੱਢਾ ਧੜੇ ਵੱਲੋਂ ਪ੍ਰਧਾਨਗੀ ਅਹੁੱਦੇ ਦੇ ਉਮੀਦਵਾਰ ਡਾ. ਸੰਤੋਖ ਸਿੰਘ 152 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ, ਜਦੋਂ ਕਿ ਅਣਖੀ ਧੜੇ ਦੇ ਰਾਜਮਹਿੰਦਰ ਸਿੰਘ ਮਜੀਠਾ ਨੂੰ 142 ਅਤੇ ਚੱਢਾ ਧੜੇ ਤੋਂ ਹੀ ਵੱਖਰੇ ਹੋਏ ਧਨਰਾਜ ਸਿੰਘ ਨੂੰ 65 ਵੋਟਾਂ ਮਿਲੀਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ ਚੱਢਾ ਧੜੇ ਦੇ ਹੀ ਉਮੀਦਵਾਰ ਸਰਬਜੀਤ ਸਿੰਘ 160 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ, ਜਦਕਿ ਨਿਰਮਲ ਸਿੰਘ ਨੂੰ 157 ਅਤੇ ਡਾ. ਬਲਦੇਵ ਸਿੰਘ ਚੌਹਾਨ ਨੂੰ 41 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਆਨਰੇਰੀ ਸਕੱਤਰ ਦੇ ਅਹੁਦੇ ਲਈ ਭਾਗ ਸਿੰਘ ਅਣਖੀ ਧੜੇ ਵੱਲੋਂ ਸੁਰਿੰਦਰ ਸਿੰਘ ਰੁਮਾਲੇਵਾਲਿਆਂ ਨੂੰ 158 ਵੋਟਾਂ ਨਾਲ ਜੇਤੂ ਕਰਾਰ ਦਿੱਤਾ ਗਿਆ, ਜਦਕਿ ਸੰਤੋਖ ਸਿੰਘ ਸੇਠੀ ਨੂੰ 155 ਅਤੇ ਗੁਰਿੰਦਰ ਸਿੰਘ ਚਾਵਲਾ ਨੂੰ 46 ਵੋਟਾਂ ਮਿਲੀਆਂ।
511 'ਚੋ 363 ਮੈਂਬਰਾਂ ਨੇ ਪਾਈਆਂ ਵੋਟਾਂ-ਚੋਣ ਪ੍ਰਕਿਰਿਆ ਅੱਜ ਠੀਕ 1:30 ਵਜੇ ਚੀਫ ਖਾਲਸਾ ਦੀਵਾਨ ਵਿਖੇ ਸ਼ੁਰੂ ਹੋਈ, ਜਿਸ ਵਿਚ ਕੁੱਲ 511 ਮੈਂਬਰਾਂ ਵਿਚੋਂ 363 ਮੈਂਬਰ ਵੋਟਾਂ ਪਾਉਣ ਲਈ ਆਏ, ਜਦੋਂ ਕਿ 148 ਮੈਂਬਰ ਗੈਰ ਹਾਜ਼ਰ ਰਹੇ। ਵੋਟਾਂ ਪਾਉਣ ਵਾਲਿਆਂ ਵਿਚ ਅੰਮ੍ਰਿਤਸਰ 'ਚੋਂ 164 ਮੈਂਬਰ, ਜਲੰਧਰ 'ਚੋਂ 34, ਚੰਡੀਗੜ੍ਹ ਤੋਂ 20, ਦੁਬਈ ਤੋਂ 2, ਕਾਨਪੁਰ ਤੋਂ 16, ਲੁਧਿਆਣੇ ਤੋਂ 54, ਮੁੰਬਈ ਤੋਂ 14, ਦਿੱਲੀ ਤੋਂ 21 ਅਤੇ ਤਰਨਤਾਰਨ ਤੋਂ 25 ਮੈਂਬਰ ਸ਼ਾਮਲ ਹੋਏ।
ਨਹੀਂ ਰਹੇਗਾ ਕੋਈ ਧੜਾ, ਸਾਰੇ ਮਿਲ ਕੇ ਦੀਵਾਨ 'ਚ ਕਰਨਗੇ ਕੰਮ : ਡਾ ਸੰਤੋਖ ਸਿੰਘ-ਜੇਤੂ ਕਰਾਰ ਦਿੱਤੇ ਜਾਣ ਦੇ ਬਾਅਦ ਡਾ. ਸੰਤੋਖ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ ਕਿ ਅੱਜ ਤੋਂ ਚੀਫ ਖਾਲਸਾ ਦੀਵਾਨ ਵਿਚ ਕੋਈ ਧੜਾ ਨਹੀਂ ਰਹੇਗਾ, ਬਲਕਿ ਸਾਰੇ ਮਿਲ ਕੇ ਦੀਵਾਨ ਵਿਚ ਕੰਮ ਕਰਨਗੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਚੀਫ ਖਾਲਸਾ ਦੀਵਾਨ ਦੀ ਚੋਣ ਲੋਕਤੰਤਰਿਕ ਤਰੀਕੇ ਨਾਲ ਹੋਈ ਹੈ ਅਤੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਇਸ ਵਿਚ ਦਖਲ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ।