ਕਾਲ ਰਿਕਾਰਡਿੰਗ ਵਾਇਰਲ ਹੋਣ ''ਤੇ ਪਾਵਰਕਾਮ ਬਾਰਡਰ ਜ਼ੋਨ ਦਾ ਚੀਫ ਇੰਜੀਨੀਅਰ ਮੁਅੱਤਲ

Wednesday, Oct 09, 2019 - 07:19 PM (IST)

ਕਾਲ ਰਿਕਾਰਡਿੰਗ ਵਾਇਰਲ ਹੋਣ ''ਤੇ ਪਾਵਰਕਾਮ ਬਾਰਡਰ ਜ਼ੋਨ ਦਾ ਚੀਫ ਇੰਜੀਨੀਅਰ ਮੁਅੱਤਲ

ਪਟਿਆਲਾ, (ਜੋਸਨ, ਪਰਮੀਤ)–ਪਾਵਰਕਾਮ ਦੇ ਚੀਫ਼ ਇੰਜੀਨੀਅਰ ਸੰਚਾਲਨ ਬਾਰਡਰ ਜ਼ੋਨ ਅੰਮ੍ਰਿਤਸਰ ਦੀ ਠੇਕੇਦਾਰਾਂ ਨਾਲ 7 ਫੀਸਦੀ ਕਮਿਸ਼ਨ ਦੀ ਮੋਬਾਇਲ ਗੱਲਬਾਤ ਰਿਕਾਰਡ ਹੋ ਕੇ ਲੀਕ ਹੋਣ ਤੋਂ ਬਾਅਦ ਅੱਜ ਪਾਵਰਕਾਮ ਨੇ ਇਸ ਚੀਫ਼ ਇੰਜੀਨੀਅਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਕੇ ਇਸ ਦਾ ਹੈੱਡਕੁਆਰਟਰ ਪਾਵਰਕਾਮ ਦੇ ਮੁੱਖ ਦਫ਼ਤਰ ਨਿਯੁਕਤ ਕਰ ਦਿੱਤਾ ਹੈ।

PunjabKesari

ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਠੇਕੇਦਾਰਾਂ ਨਾਲ ਗੱਲਬਾਤ ਕਰ ਰਹੇ ਹਨ ਕਿ ਡੇਢ ਲੱਖ ਰੁਪਏ ਉਨ੍ਹਾਂ ਨੂੰ ਪੁਜਦੇ ਕੀਤੇ ਜਾਣ ਕਿਉਂਕਿ ਉਨ੍ਹਾਂ ਦਾ ਕੰਮ 5 ਲੱਖ ਰੁਪਏ ਦਾ ਸੀ। ਰਿਕਾਰਡਿੰਗ ਵਿਚ ਸਪੱਸ਼ਟ ਹੋ ਰਿਹਾ ਹੈ ਕਿ ਬਿਜਲੀ ਦੇ ਠੇਕੇ ਦੇਣ ਸਬੰਧੀ ਕਮਿਸ਼ਨ ਦੀ ਵੱਡੀ ਡੀਲ ਹੋਈ ਹੈ। ਇਸ ਨੂੰ ਲੈ ਕੇ ਇਕ ਠੇਕੇਦਾਰ ਨੇ ਸਾਰੀ ਗੱਲਬਾਤ ਆਪਣੇ ਫੋਨ ’ਤੇ ਰਿਕਾਰਡ ਕਰ ਕੇ ਉਸ ਦੀ ਕਾਪੀ ਪਾਵਰਕਾਮ ਦੇ ਅਧਿਕਾਰੀ ਨੂੰ ਭੇਜ ਦਿੱਤੀ ਹੈ। ਚੀਫ਼ ਇੰਜੀਨੀਅਰ ਠੇਕੇਦਾਰ ਨਾਲ ਬੜੀ ਖੁੱਲ੍ਹੀ-ਡੁੱਲ੍ਹੀ ਗੱਲ ਕਰ ਰਿਹਾ ਹੈ। ਬਾਕੀ ਠੇਕੇਦਾਰਾਂ ਦੇ ਕਮਿਸ਼ਨ ਦੀ ਵੀ ਗੱਲ ਹੋ ਰਹੀ ਹੈ। ਪਾਵਰਕਾਮ ਦੇ ਚੇਅਰਮੈਨ ਅਤੇ ਹੋਰ ਅਧਿਕਾਰੀਆਂ ਕੋਲ ਜਦੋਂ ਇਹ ਆਡਿਓ ਜੋ ਕਿ 9 ਮਿੰਟ ਦੀ ਹੈ, ਪੁੱਜੀ ਤਾਂ ਉਨ੍ਹਾਂ ਨੇ ਇਸ ’ਤੇ ਤੁਰੰਤ ਐਕਸ਼ਨ ਲਿਆ। ਪਾਵਰਕਾਮ ਦੇ ਉੱਪ ਸਕੱਤਰ ਤਕਨੀਕੀ ਵੱਲੋਂ ਜਾਰੀ ਹੁਕਮਾਂ ਤਹਿਤ ਚੀਫ਼ ਇੰਜੀਨੀਅਰ ਨੂੰ ਤੁਰੰਤ ਮੁਅੱਤਲ ਕਰ ਕੇ ਡਾਇਰੈਕਟਰ ਜਨਰੇਸ਼ਨ ਨਾਲ ਅਟੈਚ ਕਰ ਦਿੱਤਾ ਗਿਆ ਹੈ। ਪਾਵਰਕਾਮ ਨੇ ਚੀਫ਼ ਇੰਜੀਨੀਅਰ ਨੂੰ ਸਸਪੈਂਡ ਕਰ ਕੇ ਇਹ ਸੰਦੇਸ਼ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 


author

DILSHER

Content Editor

Related News