ਪੰਚਾਇਤ ਵਿਭਾਗ ਦਾ ਚੀਫ਼ ਇੰਜੀਨੀਅਰ ਪੁਲਸ ਨੂੰ ਚਕਮਾ ਦੇ ਕੇ ਹੋਇਆ ਫਰਾਰ

Tuesday, Jun 26, 2018 - 06:15 AM (IST)

ਮੋਹਾਲੀ, (ਕੁਲਦੀਪ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਚੀਫ਼ ਇੰਜੀਨੀਅਰ ਪ੍ਰਕਾਸ਼ ਸਿੰਘ ਨੂੰ ਅਦਾਲਤੀ ਹੁਕਮਾਂ 'ਤੇ ਸੋਮਵਾਰ ਨੂੰ ਗ੍ਰਿਫਤਾਰ ਕਰਨ ਲਈ ਜਿਵੇਂ ਹੀ ਪੁਲਸ ਫੇਜ਼-8 ਸਥਿਤ ਵਿਕਾਸ ਭਵਨ ਪਹੁੰਚੀ ਤਾਂ ਉਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ । ਉਸ ਨੂੰ ਗ੍ਰਿਫ਼ਤਾਰ ਕਰਨ ਆਏ ਪੁਲਸ ਕਰਮਚਾਰੀਆਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਉਨ੍ਹਾਂ ਨੂੰ ਇਹ ਕਹਿ ਕੇ ਆਪਣੇ ਦਫਤਰ ਵਿਚ ਬਿਠਾ ਕੇ ਨਿਕਲ ਗਿਆ ਕਿ ਉਸ ਦੀ ਅਦਾਲਤ ਤੋਂ ਜ਼ਮਾਨਤ ਹੋ ਚੁੱਕੀ ਹੈ ਅਤੇ ਉਹ ਜ਼ਮਾਨਤ ਦੀ ਕਾਪੀ ਉਨ੍ਹਾਂ ਨੂੰ ਲਿਆ ਕੇ ਦੇ ਰਿਹਾ ਹੈ। ਜ਼ਮਾਨਤ ਦੀ ਕਾਪੀ ਦੇ ਬਹਾਨੇ ਨਾਲ ਉਹ ਦਫਤਰ ਤੋਂ ਖਿਸਕ ਗਿਆ ਅਤੇ ਫਿਰ ਵਾਪਸ ਆਪਣੇ ਦਫਤਰ ਆਇਆ ਹੀ ਨਹੀਂ । ਪੁਲਸ ਨੇ ਉਸ ਦੀ ਰਿਹਾਇਸ਼ 'ਤੇ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਘਰ ਵੀ ਨਹੀਂ ਮਿਲ ਸਕਿਆ । 
ਵਿਭਾਗ ਦੇ ਫਾਈਨਾਂਸ ਸੈਕਟਰੀ ਨੂੰ ਮਿਲੇ ਸ਼ਿਕਾਇਤਕਰਤਾ 
ਕੇਸ ਦੇ ਸ਼ਿਕਾਇਤਕਰਤਾ ਪੰਚਾਇਤ ਵਿਭਾਗ ਦੇ ਸਾਬਕਾ ਜੂਨੀਅਰ ਇੰਜੀਨੀਅਰ ਸੋਹਣ ਲਾਲ ਸ਼ਰਮਾ ਨੇ ਦੱਸਿਆ ਕਿ ਚੀਫ ਦੇ ਫਰਾਰ ਹੋਣ ਤੋਂ ਬਾਅਦ ਉਹ ਪੰਚਾਇਤ ਵਿਭਾਗ ਦੇ ਫਾਈਨਾਂਸ ਸੈਕਟਰੀ ਅਨੁਰਾਗ ਵਰਮਾ ਨੂੰ ਵੀ ਮਿਲੇ ਅਤੇ ਚੀਫ ਦੇ ਡਿਊਟੀ ਦੌਰਾਨ ਫਰਾਰ ਹੋਣ ਦੀ ਸੂਚਨਾ ਦਿੱਤੀ । ਫਾਈਨਾਂਸ ਸੈਕਟਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਮਾਮਲਾ ਵਿਭਾਗ ਦੇ ਲਾਅ ਅਫਸਰ ਨੂੰ ਸੌਂਪ ਦਿੱਤਾ ਗਿਆ ਹੈ । 
ਗ੍ਰਿਫਤਾਰ ਕਰਨ ਆਏ ਪੁਲਸ ਕਰਮਚਾਰੀਆਂ ਦੀ ਮਿਲੀਭੁਗਤ ਆਈ ਸਾਹਮਣੇ
ਸ਼ਿਕਾਇਤਕਰਤਾ ਸੋਹਣ ਲਾਲ ਨੇ ਦੱਸਿਆ ਕਿ ਪਟਿਆਲਾ ਤੋਂ ਚੀਫ ਨੂੰ ਗ੍ਰਿਫਤਾਰ ਕਰਨ ਆਏ ਪੁਲਸ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਚੀਫ਼ ਦਫ਼ਤਰ ਤੋਂ ਫਰਾਰ ਹੋ ਗਿਆ ਹੈ ਜੇਕਰ ਪੁਲਸ ਕਰਮਚਾਰੀ ਉਸ ਨੂੰ ਜਾਣ ਨਾ ਦਿੰਦੇ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ । ਸੋਹਣ ਲਾਲ ਨੇ ਦੱਸਿਆ ਕਿ ਉਹ ਪੁਲਸ ਕਰਮਚਾਰੀਆਂ ਵਲੋਂ ਮੁਲਜ਼ਮ ਚੀਫ ਇੰਜੀਨੀਅਰ ਨੂੰ ਭਜਾਉਣ ਵਾਲੇ ਪਟਿਆਲਾ ਪੁਲਸ ਦੇ ਕਰਮਚਾਰੀਆਂ ਖਿਲਾਫ ਐੱਸ. ਐੱਸ. ਪੀ. ਪਟਿਆਲਾ ਨੂੰ ਲਿਖਤੀ ਸ਼ਿਕਾਇਤ ਵੀ ਦੇਣਗੇ । 
ਦੋ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਚੀਫ
ਜਾਣਕਾਰੀ ਮੁਤਾਬਕ ਪੰਚਾਇਤ ਵਿਭਾਗ ਦਾ ਚੀਫ਼ ਇੰਜੀਨੀਅਰ ਪ੍ਰਕਾਸ਼ ਸਿੰਘ 30 ਮਈ 2018 ਤੋਂ 23 ਜੂਨ 2018 ਤਕ ਐਕਸ ਇੰਡੀਆ ਲੀਵ 'ਤੇ ਕੈਨੇਡਾ ਗਿਆ ਹੋਇਆ ਸੀ । ਉਹ 23 ਜੂਨ ਨੂੰ ਕੈਨੇਡਾ ਤੋਂ ਇੰਡੀਆ ਵਾਪਸ ਆ ਗਿਆ ਅਤੇ ਅੱਜ ਸੋਮਵਾਰ ਨੂੰ ਉਸ ਨੇ ਫੇਜ਼-8 ਵਿਕਾਸ ਭਵਨ ਸਥਿਤ ਪੰਚਾਇਤ ਵਿਭਾਗ ਦੇ ਦਫ਼ਤਰ ਵਿਚ ਆਪਣੀ ਡਿਊਟੀ ਜੁਆਇਨ ਕੀਤੀ ਸੀ । 
ਪਟਿਆਲਾ ਦੀ ਅਦਾਲਤ ਵਲੋਂ ਜਾਰੀ ਹਨ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ
ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ-9 ਪਟਿਆਲਾ ਤੋਂ ਸੋਹਣ ਲਾਲ ਸ਼ਰਮਾ ਬਨਾਮ ਪ੍ਰਕਾਸ਼ ਸਿੰੰਘ ਕੇਸ ਵਿਚ ਚੀਫ ਇੰਜੀਨੀਅਰ ਪ੍ਰਕਾਸ਼ ਸਿੰਘ ਦੇ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ । ਵਾਰੰਟ ਜਾਰੀ ਹੋਣ ਤੋਂ ਬਾਅਦ ਵੀ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ ਸੀ । ਪੰਚਾਇਤ ਵਿਭਾਗ ਦੇ ਸਾਬਕਾ ਜੂਨੀਅਰ ਇੰਜੀਨੀਅਰ ਸੋਹਣ ਲਾਲ ਸ਼ਰਮਾ ਦੀ ਸ਼ਿਕਾਇਤ 'ਤੇ ਪ੍ਰਕਾਸ਼ ਸਿੰਘ ਖਿਲਾਫ਼ ਪੁਲਸ ਸਟੇਸ਼ਨ ਸਦਰ ਪਟਿਆਲਾ ਵਿਚ ਆਈ. ਪੀ. ਸੀ. ਦੀ ਧਾਰਾ-279, 337, 338 ਤਹਿਤ ਕੇਸ ਦਰਜ ਕੀਤਾ ਗਿਆ ਸੀ । 
ਬਾਅਦ ਵਿਚ ਜ਼ਮਾਨਤ ਦੇ ਆਰਡਰ ਮਿਲਣ ਨੂੰ ਲੈ ਕੇ ਕੀਤਾ ਚੀਫ਼ ਨੇ ਗੁੰਮਰਾਹ 
ਵਿਕਾਸ ਭਵਨ ਤੋਂ ਪੁਲਸ ਕਰਮਚਾਰੀਆਂ ਨੂੰ ਚੀਫ਼ ਇੰਜੀਨੀਅਰ ਭਾਵੇਂ ਹੀ ਆਪਣੀ ਕੋਈ ਜ਼ਮਾਨਤ ਆਦਿ ਨਹੀਂ ਵਿਖਾ ਸਕਿਆ ਪਰ ਬਾਅਦ ਦੁਪਹਿਰ ਉਸ ਨੇ ਜ਼ਿਲਾ ਅਤੇ ਸੈਸ਼ਨਜ਼ ਜੱਜ ਦੀ ਅਦਾਲਤ ਵਲੋਂ ਜਾਰੀ ਕੀਤੇ ਗਏ ਆਰਡਰ ਦਿਖਾ ਕੇ ਵੀ ਪੁਲਸ ਨੂੰ ਇਹ ਕਹਿ ਕੇ ਗੁੰਮਰਾਹ ਕਰ ਦਿੱਤਾ ਕਿ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ।  
ਅਦਾਲਤ ਤੋਂ ਜ਼ਮਾਨਤ ਨਹੀਂ ਮਿਲੀ, ਸਗੋਂ ਆਤਮ-ਸਮਰਪਣ ਕਰਨ ਨੂੰ ਕਿਹਾ
ਸ਼ਿਕਾਇਤਕਰਤਾ ਸੋਹਣ ਲਾਲ ਨੇ ਦੱਸਿਆ ਕਿ ਸੈਸ਼ਨਜ਼ ਜੱਜ ਦੀ ਅਦਾਲਤ ਵਲੋਂ ਜਾਰੀ ਹੁਕਮਾਂ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਚੀਫ਼ ਇੰਜੀਨੀਅਰ ਨੂੰ ਪਟਿਆਲਾ ਤੋਂ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੰਜ ਦਿਨਾਂ ਦੇ ਅੰਦਰ-ਅੰਦਰ ਇਕ ਵਾਰ ਆਤਮ-ਸਮਰਪਣ ਕਰਨਾ ਪਵੇਗਾ, ਉਸ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਤੋਂ ਉਸ ਨੂੰ ਕੱਚੀ ਜ਼ਮਾਨਤ ਦਿੱਤੀ ਜਾਵੇਗੀ। 


Related News