30 ਜੁਲਾਈ ਨੂੰ ਬੰਦ ਰਹਿਣਗੀਆਂ ਕੈਮਿਸਟ ਦੀਆਂ ਦੁਕਾਨਾਂ
Monday, Jul 23, 2018 - 09:40 AM (IST)

ਚੰਡੀਗੜ੍ਹ : ਪੰਜਾਬ 'ਚ ਨਸ਼ਿਆਂ 'ਤੇ ਕਾਬੂ ਪਾਉਣ ਲਈ ਕੈਮਿਸਟਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਪਰ ਇਨ੍ਹਾਂ ਕੈਮਿਸਟਾਂ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਸਰਕਾਰ ਆਨਲਾਈਨ ਵਿਕ ਰਹੀਆਂ ਦਵਾਈਆਂ 'ਤੇ ਧਿਆਨ ਨਹੀਂ ਦੇ ਰਹੀ। ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਚਾਵਲਾ ਨੇ ਕਿਹਾ ਕਿ ਕੈਮਿਸਟਰਾਂ 'ਤੇ ਰੇਡ ਕਰਨ ਲਈ ਪਟਵਾਰੀ ਤੇ ਤਹਿਸੀਲਦਾਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ, ਜਦੋਂ ਕਿ ਉਨ੍ਹਾਂ ਨੂੰ ਮੈਡੀਕਲ ਦੀ ਕੋਈ ਜਾਣਕਾਰੀ ਹੀ ਨਹੀਂ ਹੈ।
ਸਰਕਾਰ ਜਿਸ ਤਰੀਕੇ ਨਾਲ ਕੈਮਿਸਟਾਂ 'ਤੇ ਰੇਡ ਕਰ ਰਹੀ ਹੈ, ਉਸ ਤਰੀਕੇ 'ਤੇ ਉਨ੍ਹਾਂ ਨੂੰ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਨਸ਼ਿਆਂ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨਸ਼ਿਆਂ ਦਾ ਕਦੇ ਸਮਰਥਨ ਨਹੀਂ ਕਰਦੀ ਪਰ ਪੂਰੀ ਈਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਤੰਗ ਕਰਨਾ ਸਹੀ ਨਹੀਂ ਹੈ। ਚਾਵਲਾ ਨੇ ਕਿਹਾ ਕਿ ਇਸ ਦੇ ਵਿਰੋਧ 'ਚ 25 ਜੁਲਾਈ ਨੂੰ ਪੂਰੇ ਸੂਬੇ 'ਚ ਕੈਮਿਸਟ ਕਾਲੇ ਬਿੱਲੇ ਲਾ ਕੇ ਦੁਕਾਨਾਂ 'ਤੇ ਬੈਠਣਗੇ।
26 ਜੁਲਾਈ ਦੀ ਰਾਤ ਨੂੰ 7.30 ਵਜੇ ਕੈਂਡਲ ਮਾਰਚ ਕੱਢਿਆ ਜਾਵੇਗਾ। 27 ਜੁਲਾਈ ਨੂੰ ਦੁਕਾਨਾਂ 11 ਵਜੇ ਖੋਲ੍ਹੀਆਂ ਜਾਣਗੀਆਂ ਅਤੇ 28 ਜੁਲਾਈ ਨੂੰ ਸਵੇਰੇ 2 ਘੰਟੇ ਲਈ ਜ਼ਿਲਾ ਪੱਧਰ 'ਤੇ ਰੈਲੀਆਂ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ 30 ਜੁਲਾਈ ਨੂੰ ਪੂਰੇ ਪੰਜਾਬ 'ਚ 25 ਹਜ਼ਾਰ ਕੈਮਿਸਟ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੋਹਾਲੀ ਜ਼ਿਲੇ 'ਚ 600 ਕੈਮਿਸਟ ਦੀਆਂ ਦੁਕਾਨਾਂ ਹਨ, ਜੋ 30 ਜੁਲਾਈ ਨੂੰ ਪੂਰੀ ਤਰ੍ਹਾਂ ਬੰਦ ਰਹਿਣਗੀਆਂ।