ਕੈਬਨਿਟ ਮੰਤਰੀ ਚੀਮਾ ਵੱਲੋਂ ਸੰਗਰੂਰ ਵਿਖੇ 66ਵੀਆਂ ਪੰਜਾਬ ਰਾਜ ਸਕੂਲ ਐਥਲੈਟਿਕਸ ਖੇਡਾਂ ਦਾ ਸ਼ਾਨਦਾਰ ਆਗ਼ਾਜ਼

Sunday, Dec 11, 2022 - 12:18 AM (IST)

ਕੈਬਨਿਟ ਮੰਤਰੀ ਚੀਮਾ ਵੱਲੋਂ ਸੰਗਰੂਰ ਵਿਖੇ 66ਵੀਆਂ ਪੰਜਾਬ ਰਾਜ ਸਕੂਲ ਐਥਲੈਟਿਕਸ ਖੇਡਾਂ ਦਾ ਸ਼ਾਨਦਾਰ ਆਗ਼ਾਜ਼

ਸੰਗਰੂਰ (ਵਿਜੇ ਕੁਮਾਰ ਸਿੰਗਲਾ)-ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਐਥਲੈਟਿਕਸ ਖੇਡ ਮੁਕਾਬਲਿਆਂ ਦਾ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਾਨਦਾਰ ਆਗ਼ਾਜ਼ ਕੀਤਾ ਗਿਆ। ਉਨ੍ਹਾਂ ਇਸ ਤਿੰਨ ਰੋਜ਼ਾ ਖੇਡ ਮਹਾਕੁੰਭ ’ਚ ਸੂਬੇ ਭਰ ਤੋਂ ਹਿੱਸਾ ਲੈਣ ਪੁੱਜੀਆਂ ਖਿਡਾਰਨਾਂ ਨੂੰ ਨੇੜ ਭਵਿੱਖ ’ਚ ਖੇਡਾਂ ਦੇ ਖੇਤਰ ’ਚ ਵੱਡੀਆਂ ਮੱਲਾਂ ਮਾਰਨ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਰਕਾਰ ਵੱਲੋਂ ਖੇਡਾਂ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਤੌਰ ’ਤੇ ਬਜਟ ਰੱਖਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਘੇਰੇ ਮੁੱਖ ਮੰਤਰੀ ਭਗਵੰਤ ਮਾਨ, ਮੰਗਿਆ ਅਸਤੀਫ਼ਾ 

PunjabKesari

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਹਾਲ ਹੀ ’ਚ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਖੇਡਾਂ ਨਾਲ ਜੋੜਨ ਦਾ ਸਫ਼ਲ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ’ਚ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਵਜੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਜਿੱਤ ਦੇ ਝੰਡੇ ਲਹਿਰਾਉਣ ’ਚ ਹੋਰ ਮੋਹਰੀ ਭੂਮਿਕਾ ਨਿਭਾਅ ਸਕਣ। ਇਸ ਤੋਂ ਪਹਿਲਾਂ ਚੀਮਾ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਖਿਡਾਰੀਆਂ ਵੱਲੋਂ ਖੇਡਾਂ ਦੀ ਮਸ਼ਾਲ ਜਗਾਈ ਗਈ ਅਤੇ ਖਿਡਾਰੀਆਂ ਨੇ ਸੱਚੀ ਖੇਡ ਭਾਵਨਾ, ਈਮਾਨਦਾਰੀ ਅਤੇ ਮਿਲਵਰਤਨ ਨਾਲ ਖੇਡਾਂ ਖੇਡਣ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਕੈਬਨਿਟ ਮੰਤਰੀ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਖੇਡ ਮੁਕਾਬਲੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

PunjabKesari

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ ਸਿੰਘ ਡੀ. ਐੱਮ. ਖੇਡਾਂ ਵਰਿੰਦਰ ਸਿੰਘ, ਸੀਨੀਅਰ ਆਗੂ ਤਪਿੰਦਰ ਸਿੰਘ ਸੋਹੀ ਵੀ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ 1500 ਮੀਟਰ ਦੌੜ ’ਚ ਜੇਤੂ ਖਿਡਾਰਨਾਂ ਹਰਪ੍ਰੀਤ ਕੌਰ ਮਾਨਸਾ ਨੂੰ ਪਹਿਲਾ, ਇੰਦਰਜੀਤ ਕੌਰ ਨਵਾਂਸ਼ਹਿਰ ਨੂੰ ਦੂਜਾ ਅਤੇ ਰਾਜਵਿੰਦਰ ਕੌਰ ਤਰਨਤਾਰਨ ਨੂੰ ਤੀਜੇ ਸਥਾਨ ’ਤੇ ਆਉਣ ਲਈ ਮੈਡਲ ਨਾਲ ਸਨਮਾਨਿਤ ਕੀਤਾ । ਇਨ੍ਹਾਂ ਖੇਡਾਂ ’ਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਖਿਡਾਰੀਆਂ ਵੱਲੋਂ ਅੰਡਰ-19, ਅੰਡਰ-17, ਅੰਡਰ-14 ’ਚ ਹਿੱਸਾ ਲਿਆ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ, ਪ੍ਰਿੰਸੀਪਲ ਇੰਦੂ ਸਿਮਕ, ਪ੍ਰਿੰਸੀਪਲ ਦੀਪਕ ਘਰਾਚੋਂ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ, ਕਿਹਾ-‘ਪੰਜਾਬ ਨੂੰ ਦੀਵਾਲੀਏਪਣ ਵੱਲ ਨਾ ਧੱਕੋ’


author

Manoj

Content Editor

Related News