ਵਿਧਵਾ ਜਨਾਨੀ ਨਾਲ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 10 ਲੱਖ ਦੀ ਠੱਗੀ

Tuesday, Jan 12, 2021 - 04:23 PM (IST)

ਵਿਧਵਾ ਜਨਾਨੀ ਨਾਲ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 10 ਲੱਖ ਦੀ ਠੱਗੀ

ਸਮਰਾਲਾ (ਸੰਜੇ ਗਰਗ) : ਇਥੋਂ ਦੇ ਨੇੜਲੇ ਪਿੰਡ ਸ਼ਾਮਗੜ੍ਹ ਦੀ ਇਕ ਵਿਧਵਾ ਔਰਤ ਨਾਲ 3 ਸਾਲਾਂ ’ਚ ਪੈਸੇ ਡਬਲ ਕਰਨ ਦੇ ਨਾਂ ’ਤੇ 9 ਲੱਖ 57 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਇਕ ਯੂਥ ਆਗੂ ਵੱਲੋਂ ਆਪਣੀ ਪਤਨੀ ਨਾਲ ਮਿਲ ਕੇ ਮਾਰੀ ਗਈ ਹੈ ਅਤੇ ਪੁਲਸ ਵੱਲੋਂ ਇਸ ਸੰਬੰਧ ਵਿਚ ਮਾਮਲਾ ਦਰਜ ਕਰਦੇ ਹੋਏ ਕਥਿਤ ਮੁਲਜ਼ਮ ਪਤੀ-ਪਤਨੀ ਦੀ ਭਾਲ ਕੀਤੀ ਜਾ ਰਹੀ ਹੈ। ਸਮਰਾਲਾ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ ਸੰਜੀਵ ਕੌਰ ਪਤਨੀ ਸਵ. ਰਛਪਾਲ ਸਿੰਘ ਵਾਸੀ ਪਿੰਡ ਸ਼ਾਮਗੜ੍ਹ ਨੇ ਐੱਸ.ਐੱਸ.ਪੀ. ਖੰਨਾ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਯੂਥ ਆਗੂ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਨੇ ਉਸ ਨੂੰ ਵਿਸ਼ਵਾਸ਼ ਵਿਚ ਲੈਂਦੇ ਹੋਏ ਸਾਲ 2014 ਵਿਚ ਉਸ ਦਾ ਖਾਤਾ ਇਕ ਪ੍ਰਾਈਵੇਟ ਕੰਪਨੀ ਕਰਾਊਨ ਕਰੈਡਿਟ ਕੋਆਪਰੇਟਿਵ ਸੁਸਾਇਟੀ ਵਿਚ ਖੁੱਲ੍ਹਵਾ ਕੇ ਉਸ ਦੀ ਰਕਮ 3 ਸਾਲ ਵਿਚ ਦੁੱਗਣੀ ਕਰਕੇ ਦੇਣ ਦਾ ਝਾਂਸਾ ਦਿੱਤਾ।

ਸੰਜੀਵ ਕੌਰ ਨੇ ਦੱਸਿਆ ਕਿ ਉਸ ਨੇ ਵਿਸ਼ਵਾਸ਼ ਵਿਚ ਆ ਕੇ ਬੈਂਕ ਵਿਚ ਪਈ ਆਪਣੀ ਰਕਮ ਤੋਂ ਇਲਾਵਾ ਆਪਣੀ ਬੇਟੀ ਦੀ ਬੈਂਕ ਫਿਕਸ ਡਿਪਾਜ਼ਿਟ ਕੱਢਵਾ ਕੇ ਅਤੇ ਆਪਣੀ ਮਾਂ ਦੀ ਜਮਾਂ ਪੂੰਜੀ ਸਮੇਤ ਕੁੱਲ 9 ਲੱਖ 57 ਹਜ਼ਾਰ ਰੁਪਏ ਵੱਖ-ਵੱਖ ਸਮੇਂ ’ਤੇ ਇਨ੍ਹਾਂ ਨੂੰ ਦੇ ਦਿੱਤੇ। ਪ੍ਰੰਤੂ 3 ਸਾਲ ਦੀ ਮਿਆਦ ਪੁੱਗਣ ’ਤੇ ਵੀ ਨਾ ਹੀ ਉਸ ਨੂੰ ਰਕਮ ਡਬਲ ਮਿਲੀ ਅਤੇ ਨਾ ਹੀ ਉਸ ਦੀ ਖੁਦ ਦੀ ਰਕਮ ਹੀ ਵਾਪਸ ਕੀਤੀ ਗਈ।ਇਸ ਦੌਰਾਨ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਨੇ ਉਸ ਨੂੰ ਵੱਖ-ਵੱਖ ਸਮੇਂ ’ਤੇ ਚੈੱਕ ਵੀ ਦਿੱਤੇ ਪਰ ਇਹ ਸਾਰੇ ਚੈੱਕ ਬੋਗਸ ਸਨ। ਇਨ੍ਹਾਂ ਵਿੱਚੋਂ ਕਈ ਚੈੱਕ ਤਾਂ ਸਰਬਜੀਤ ਸਿੰਘ ਨੇ ਆਪਣੇ ਲੋਨ ਖਾਤੇ ਦਾ ਨੰਬਰ ਭਰ ਕੇ ਹੀ ਦੇ ਦਿੱਤੇ, ਜਦਕਿ ਉਸ ਨੂੰ ਲੋਨ ਖਾਤੇ ਪਰ ਬੈਂਕ ਵੱਲੋਂ ਕੋਈ ਚੈੱਕ ਵੀ ਜਾਰੀ ਨਹੀਂ ਕੀਤੇ ਗਏ ਸਨ। ਕੁਝ ਚੈੱਕ ਕਥਿਤ ਦੋਸ਼ੀ ਦੀ ਪਤਨੀ ਦੇ ਦਸਤਖ਼ਤ ਕਰਕੇ ਵੀ ਸੰਦੀਪ ਕੌਰ ਨੂੰ ਦੇ ਦਿੱਤੇ ਗਏ ਪਰ ਇਹ ਸਾਰੇ ਚੈੱਕ ਜਾਅਲੀ ਸਨ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ’ਤੇ ਧੋਖਾਧੜੀ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Gurminder Singh

Content Editor

Related News