ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਛੱਤਬੀੜ ਚਿੜੀਆਘਰ ’ਚ ਨਵੀਆਂ ਸਹੂਲਤਾਂ ਦਾ ਉਦਘਾਟਨ
Friday, Aug 26, 2022 - 03:36 PM (IST)

ਜ਼ੀਰਕਪੁਰ (ਗੁਰਪ੍ਰੀਤ) : ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ ਦਾ ਦੌਰਾ ਕੀਤਾ ਅਤੇ ਚਿੜੀਆਘਰ 'ਚ ਜਾਨਵਰਾਂ ਅਤੇ ਦਰਸ਼ਕਾਂ ਦੇ ਹਿੱਤ 'ਚ ਨਵੀਆਂ ਮੁਹੱਈਆ ਕੀਤੀਆਂ ਸਹੂਲਤਾਂ ਦਾ ਉਦਘਾਟਨ ਕੀਤਾ। ਸਮਾਰੋਹ 'ਚ ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਸ਼ਿਰੱਕਤ ਕੀਤੀ। ਇਸ ਮੌਕੇ ਆਰ. ਕੇ. ਮਿਸ਼ਰਾ ਆਈ. ਐੱਫ. ਐੱਸ. ਪ੍ਰਧਾਨ ਮੁੱਖ ਵਣ ਪਾਲ ਨੇ ਦੱਸਿਆ ਕਿ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਭ ਤੋਂ ਪਹਿਲਾਂ ਚਿੜੀਆਘਰ ਛੱਤਬੀੜ ਵਿਖੇ ਜਾਨਵਰਾਂ ਦੇ ਰਸੋਈ ਘਰ ਦਾ ਉਦਘਾਟਨ ਕੀਤਾ ਗਿਆ, ਜਿਸ 'ਚ ਜਾਨਵਰਾਂ ਦੇ ਭੋਜਨ ਨੂੰ ਪਕਾਉਣ ਦਾ ਪ੍ਰਬੰਧ ਕੀਤਾ ਜਾਣਾ ਹੈ।
ਇਹ ਇਕ ਨਵੀਂ ਅਤੇ ਆਧੁਨਿਕ ਕਿਸਮ ਦਾ ਸੈਕਸ਼ਨ ਬਣਾਇਆ ਗਿਆ ਹੈ, ਜਿਸ 'ਚ ਜਾਨਵਰਾਂ ਦੇ ਭੋਜਨ ਨੂੰ ਪਕਾਂਉਦੇ ਹੋਏ ਸੇਫਟੀ, ਬਾਇਓਸਕਿਓਰਿਟੀ, ਸਾਫ਼-ਸਫ਼ਾਈ ਆਦਿ ਸਬੰਧੀ ਵਿਗਿਆਨਕ ਪ੍ਰੋਟੋਕਾਲ ਦਾ ਸਟੈਂਡਰਡ ਮੇਨਟੇਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਲਾਈਨ ਸਫ਼ਾਰੀ ਵਿਖੇ ਮਾਸਾਹਾਰੀ ਜਾਨਵਰਾਂ ਲਈ ਬਣਾਏ ਗਏ ਕ੍ਰਿਟੀਕਲ ਕੇਅਰ ਯੂਨਿਟ ਦਾ ਉਦਘਾਟਨ ਕੀਤਾ, ਜਿਸ 'ਚ ਇੰਟਰਨੈਸ਼ਨਲ ਸਟੈਂਡਰਡ ਮੁਤਾਬਕ ਜਾਨਵਰਾਂ ਲਈ ਢੁੱਕਵੇਂ ਟੈਂਪਰੇਚਰ ’ਤੇ ਹਿਊਮੀਡਿਟੀ ਕੰਟਰੋਲ ਸਹੂਲਤ ਅਤੇ ਜਾਨਵਰਾਂ ਦੇ ਇਲਾਜ ਲਈ ਇਕ ਆਟੋਮੈਟਿਕ ਰੀ-ਸਟਰੇਨ ਸਹੂਲਤ ਦਾ ਪ੍ਰਬੰਧ ਹੈ।
ਇਸ ਮਗਰੋਂ ਕਟਾਰੂਚੱਕ ਨੇ ਦਰਸ਼ਕਾਂ ਅਤੇ ਸਕੂਲੀ ਬੱਚਿਆ ਲਈ ਤਿਆਰ ਕੀਤੇ ਗਏ ਇਕ ਓਪਨ ਏਅਰ ਜੂ ਐਜੂਕੇਸ਼ਨ ਪਲਾਜ਼ਾ ਦਾ ਉਦਘਾਟਨ ਕੀਤਾ, ਜਿਸ 'ਚ 100 ਤੋਂ ਵੱਧ ਦਰਸ਼ਕ ਜਾਂ ਸਕੂਲੀ ਬੱਚੇ ਬੈਠ ਸਕਦੇ ਹਨ। ਇਸ ਥਾਂ ’ਤੇ ਰੂਟੀਨ 'ਚ ਦਰਸ਼ਕਾਂ ਤੇ ਸਕੂਲੀ ਬੱਚਿਆਂ ਨੂੰ ਜੰਗਲਾਂ, ਜੰਗਲੀ ਜਾਨਵਰਾਂ/ਵਾਤਾਵਰਣ ਸਬੰਧੀ ਜਾਗਰੂਕਤਾ ਅਤੇ ਸਿੱਖਿਆ ਸਬੰਧੀ ਪ੍ਰੋਗਰਾਮ ਚਲਾਏ ਜਾਣਗੇ। ਆਰ. ਕੇ. ਮਿਸ਼ਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਚਿੜੀਆਘਰ ਦੇ ਨੇਚਰ ਇੰਟਰਪਰੇਟੇਸ਼ਨ ਸੈਂਟਰ ਦੇ ਪਹਿਲੇ ਫੇਜ਼ ਦਾ ਉਦਘਾਟਨ ਕੀਤਾ। ਇਸ ਨੇਚਰ ਇੰਟਰਪਰੇਟੇਸ਼ਨ ਸੈਂਟਰ ਦੇ ਫੇਜ਼-1 'ਚ ਚਿੜੀਆਘਰ ਦੇ ਪਿਛੋਕੜ ਅਤੇ ਵੱਡਮੁਲੇ ਜਾਨਵਰਾਂ ਦੇ ਕੰਜ਼ਰਵੇਸ਼ਨ ਦੇ ਮੰਤਵ 'ਚ ਨਿਭਾਈ ਗਈ ਭੂਮਿਕਾ ਸਬੰਧੀ ਦੱਸਿਆ ਗਿਆ ਹੈ।