'ਛੱਤਬੀੜ ਚਿੜੀਆਘਰ' ਖੁੱਲ੍ਹਣ ਦੇ ਪਹਿਲੇ ਦਿਨ ਪੁੱਜੇ 1100 ਸੈਲਾਨੀ, ਸ਼ੇਰ ਦੇ ਬੱਚੇ ਰਹੇ ਖਿੱਚ ਦਾ ਕੇਂਦਰ
Friday, Dec 11, 2020 - 02:46 PM (IST)
ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਦੇ ਫ਼ੈਸਲੇ ਅਨੁਸਾਰ ਛੱਤਬੀੜ ਆਉਣ ਵਾਲੇ ਸੈਲਾਨੀਆਂ, ਮੁਲਾਜ਼ਮਾਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੋਵਿਡ-19 ਸਬੰਧੀ ਪ੍ਰੋਟੋਕਾਲਾਂ ਨਾਲ ਬੀਤੇ ਦਿਨ ਤੋਂ ਚਿੜੀਆਘਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਇੱਥੋਂ ਦੇ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਦੀ ਪੜਾਅਵਾਰ ਢੰਗ ਨਾਲ ਐਂਟਰੀ ਨੂੰ ਯਕੀਨੀ ਬਣਾਇਆ ਗਿਆ। ਪਹਿਲੇ ਸਲਾਟ 'ਚ ਲਗਭਗ 100 ਸੈਲਾਨੀ ਚਿੜੀਆਘਰ 'ਚ ਦਾਖ਼ਲ ਹੋਏ। ਦੁਪਹਿਰ 12 ਵਜੇ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਵੱਧ ਗਈ ਅਤੇ ਸ਼ਾਮ 4.30 ਵਜੇ ਤੱਕ ਕੁੱਲ 1100 ਸੈਲਾਨੀ ਚਿੜੀਆਘਰ ਵਿਖੇ ਪਹੁੰਚੇ।
ਸੈਲਾਨੀਆਂ ਵੱਲੋਂ ਆਨਲਾਈਨ ਬੁਕਿੰਗ ਸਹੂਲਤ, ਵਾਈ-ਫਾਈ ਹਾਟਸਪੌਟ ਅਤੇ ਬੈਟਰੀ ਨਾਲ ਚੱਲਣ ਵਾਲੇ ਕਾਰਟਾਂ ਦੀ ਵਰਤੋਂ ਕੀਤੀ ਗਈ। ਹਾਲਾਂਕਿ ਕੁਝ ਸੈਲਾਨੀਆਂ ਨੂੰ ਆਨਲਾਈਨ ਬੁਕਿੰਗ, ਕਿਊ. ਆਰ. ਕੋਡ ਅਤੇ ਹੋਰ ਨਕਦੀ ਰਹਿਤ ਲੈਣ-ਦੇਣ ਦੀ ਵਰਤੋਂ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਫਿਰ ਵੀ ਸੈਲਾਨੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਸੈਲਾਨੀਆਂ ਨੇ ਚਿੜੀਆਘਰ ਦੇ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਸੈਲਾਨੀਆਂ ਨੇ ਮੌਮ ਐਂਡ ਬੇਬੀ ਕੇਅਰ ਰੂਮ, ਕੌਫ਼ੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰਜ਼ ਆਦਿ ਨਵੀਆਂ ਸਹੂਲਤਾਂ ਦੀ ਵਰਤੋਂ ਕੀਤੀ।
ਸੈਲਾਨੀਆਂ ਲਈ ਆਨਲਾਈਨ ਬੁਕਿੰਗ ਅਤੇ ਕਿਊ. ਆਰ. ਕੋਡ ਸਹੂਲਤਾਂ ਦੀ ਰਸਮੀ ਸ਼ੁਰੂਆਤ ਲਈ ਬੈਂਕ ਆਫ਼ ਬੜੌਦਾ ਦੀ ਟੀਮ ਚਿੜੀਆਘਰ 'ਚ ਹਾਜ਼ਰ ਰਹੀ। ਸੀਨੀਅਰ ਮੈਨੇਜਰ ਕੰਵਰਦੀਪ ਸਿੰਘ ਨੇ ਚਿੜੀਆਘਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਿੜੀਆਘਰ 'ਚ ਸੇਵਾ ਨਿਭਾਉਣ ਦਾ ਮੌਕਾ ਮਿਲਣ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮਹਿਕਮੇ ਦਾ ਧੰਨਵਾਦ ਕੀਤਾ। ਚਿੜੀਆਘਰ 'ਚ ਸੈਲਾਨੀਆਂ ਲਈ ਇੰਟਰਨੈਟ ਅਤੇ ਵਾਈ-ਫਾਈ ਹੌਟਸਪੌਟ ਸਹੂਲਤਾਂ ਦੀ ਰਸਮੀ ਸ਼ੁਰੂਆਤ ਕਰਨ ਲਈ ਮਾਈਇੰਟਰਨੈੱਟ ਦੀ ਟੀਮ ਵੀ ਹਾਜ਼ਰ ਰਹੀ। ਨਵਜੋਤ ਸਿੰਘ ਨੇ ਚਿੜੀਆਘਰ ਦੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮੁਹੱਈਆ ਕਰਨ ਲਈ ਮਹਿਕਮੇ ਦਾ ਧੰਨਵਾਦ ਕੀਤਾ।
ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਡਾ. ਐੱਮ. ਸੁਧਾਗਰ (ਆਈ.ਐੱਫ.ਐੱਸ.) ਨੇ ਕਿਹਾ ਕਿ ਸੈਲਾਨੀਆਂ ਦਾ ਹੁੰਗਾਰਾ ਉਤਸ਼ਾਹਜਨਕ ਸੀ ਅਤੇ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸੈਲਾਨੀਆਂ ਨੇ ਚਿੜੀਆਘਰ 'ਚ ਸੁਰੱਖਿਅਤ ਮਹਿਸੂਸ ਕੀਤਾ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਅਤੇ ਸੇਧ ਦਿੱਤੀ ਗਈ। ਚੀਫ਼ ਵਾਈਲਡ ਲਾਈਫ ਵਾਰਡਨ ਆਰ.ਕੇ. ਮਿਸ਼ਰਾ, (ਆਈ.ਐੱਫ.ਐੱਸ.) ਨੇ ਕਿਹਾ ਕਿ ਛੱਤਬੀੜ ਚਿੜੀਆਘਰ ਦੇ ਮੁੜ ਖੁੱਲ੍ਹਣ ਪ੍ਰਤੀ ਸੈਲਾਨੀਆਂ ਦਾ ਉਤਸ਼ਾਹ ਉਮੀਦ ਤੋਂ ਕਿਤੇ ਜ਼ਿਆਦਾ ਸੀ।
ਸੈਲਾਨੀਆਂ, ਚਿੜੀਆਘਰ ਦੇ ਮੁਲਾਜ਼ਮਾਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਕੋਵਿਡ-19 ਸਬੰਧੀ ਨਿਯਮਾਂ ਅਨੁਸਾਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਦੇ ਹੋਰ ਚਿੜੀਆਘਰ ਜਿਵੇਂ ਕਿ ਮਿੰਨੀ ਚਿੜੀਆਘਰ-ਪਟਿਆਲਾ, ਮਿੰਨੀ ਚਿੜੀਆਘਰ ਬੀੜ ਤਲਾਬ-ਬਠਿੰਡਾ, ਮਿੰਨੀ ਚਿੜੀਆਘਰ-ਲੁਧਿਆਣਾ ਅਤੇ ਡੀਅਰ ਪਾਰਕ-ਨੀਲੋਂ ਵੀ ਅਗਲੇ ਹਫ਼ਤੇ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ।